ਇੰਜ ਹਾਲੋਂ ਬੇਹਾਲ ਨੀ ਮਾਏ

ਇੰਜ ਹਾਲੋਂ ਬੇਹਾਲ ਨੀ ਮਾਏ
ਭੁੱਲ ਗਈ ਆਪਣੀ ਚਾਲ ਨੀ ਮਾਏ

ਦੋਜ਼ਖ਼ ਤੇਥੋਂ ਦੂਰੀ, ਜੰਨਤ ਤੇਰੇ ਆਲ ਦਿਵਾਲ ਨੀ ਮਾਏ

ਚਾਲੀ ਵਰ੍ਹੇ ਉਨੀਂਦਰ ਦੇ, ਹਨ
ਸੀਨੇ ਲਾ ਸਵਾਲ ਨੀ ਮਾਏ

ਮੈਂ ਦਰਿਆਵਾਂ ਦਾ ਹਾਣੀ ਸਾਂ
ਤੁਰਨੇ ਪੈ ਗਏ ਖਾਲ਼ ਨੀ ਮਾਏ

ਸ਼ਹਿਰ ਦੇ ਸੁਖ ਕੀਆ ਲੱਖਾਂ ਤੈਨੂੰ
ਮਿਲ ਨਾ ਲੱਭਦੀ ਦਾਲ਼ ਨੀ ਮਾਏ

ਮੇਰੀ ਚਿੰਤਾ ਨਾ ਕਰ, ਉਥੇ
ਰਲਦੇ ਸਭ ਦੇ ਬਾਲ ਨੀ ਮਾਏ

ਜੀਹਨੂੰ ਮਿਲੀਏ ਫਾਹ ਲੈਂਦਾ ਏ
ਹਰ ਬੰਦਾ ਇਕ ਜਾਲ਼ ਨੀ ਮਾਏ

ਹੁਣ ਨਾ ਦੁੱਧ ਪਿਆਈਂ ਪੂਰਾ
ਵੱਡੇ ਹੋਣ ਨਾ ਬਾਲ ਨੀ ਮਾਏ

ਹੁਣ ਤੇ ਕੁਝ ਨਹੀਂ ਨਜ਼ਰੀਂ ਆਉਂਦਾ
ਹੋਰ ਇੱਕ ਸੂਰਜ ਬਾਲ ਨੀ ਮਾਏ

ਇੰਨੇ ਫਿੱਟ ਮੇਰੇ ਜੁੱਸੇ ਤੇ
ਜਿੰਨੇ ਤੇਰੇ ਵਾਲ਼ ਨੀ ਮਾਏ

ਅਫ਼ਜ਼ਲ ਅਹਸਨ ਲੋਹੀਆ ਸੀ, ਪਰ
ਖਾ ਗਿਆ ਦਰਦ ਜੰਗਾਲ਼ ਨੀ ਮਾਏ