ਆਓ ਸਈਓ ਰਲ ਦਿਉ ਨੀ ਵਧਾਈ

ਆਓ ਸਈਓ ਰਲ ਦਿਉ ਨੀ ਵਧਾਈ
ਮੈਂ ਵਰ ਪਾਇਆ ਰਾਂਝਾ ਮਾਹੀ

ਅੱਜ ਤਾਂ ਰੋਜ਼ ਮੁਬਾਰਕ ਚੜ੍ਹਿਆ
ਰਾਂਝਾ ਸਾਡੇ ਵਿਹੜੇ ਵੜਿਆ
ਹੱਥ ਖੂੰਡੀ ਮੋਢੇ ਕੰਬਲ ਧਰਿਆ
ਚਾਕਾਂ ਵਾਲੀ ਸ਼ਕਲ ਬਣਾਈ

ਆਓ ਸਈਓ ਰਲ ਦਿਉ ਨੀ ਵਧਾਈ
ਮੈਂ ਵਰ ਪਾਇਆ ਰਾਂਝਾ ਮਾਹੀ

ਮੁੱਕਟ ਗਊਆਂ ਦੇ ਵਿਚ ਰੁੱਲਦਾ
ਜੰਗਲ ਜੂਹਾਂ ਦੇ ਵਿਚ ਰੁੱਲਦਾ
ਹੈ ਕੋਈ ਅੱਲਾਹ ਦੇ ਵੱਲ ਭੁੱਲਦਾ
ਅਸਲ ਹਕੀਕਤ ਖ਼ਬਰ ਨਾ ਕਾਈ

ਆਓ ਸਈਓ ਰਲ ਦਿਉ ਨੀ ਵਧਾਈ
ਮੈਂ ਵਰ ਪਾਇਆ ਰਾਂਝਾ ਮਾਹੀ

ਬੁੱਲ੍ਹੇ ਸ਼ਾਹ ਇਕ ਸੌਦਾ ਕੀਤਾ
ਪੀਤਾ ਜ਼ਹਿਰ ਪਿਆਲਾ ਪੀਤਾ
ਨਾ ਕੁਝ ਲਾਹਾ ਟੋਟਾ ਲੀਤਾ
ਦਰਦ ਦੁੱਖਾਂ ਦੀ ਗਠੜੀ ਚਾਈ

ਆਓ ਸਈਓ ਰਲ ਦਿਉ ਨੀ ਵਧਾਈ
ਮੈਂ ਵਰ ਪਾਇਆ ਰਾਂਝਾ ਮਾਹੀ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 94 ( ਹਵਾਲਾ ਵੇਖੋ )