ਬੱਸ ਕਰ ਜੀ ਹੁਣ ਬੱਸ ਕਰ ਜੀ

ਬੱਸ ਕਰ ਜੀ ਹੁਣ ਬੱਸ ਕਰ ਜੀ
ਇਕ ਬਾਤ ਅਸਾਂ ਨਾਲ ਹੱਸ ਕਰ ਜੀ

ਤੁਸੀਂ ਦਿਲ ਮੇਰੇ ਵਿਚ ਵੱਸਦੇ ਹੋ
ਐਵੇਂ ਸਾਥੋਂ ਦੂਰ ਕਿਉਂ ਨੱਸਦੇ ਹੋ
ਨਾਲੇ ਘੱਤ ਜਾਦੂ ਦਿਲ ਖੱਸਦੇ ਹੋ
ਹੁਣ ਕਿਤ ਵੱਲ ਜਾਸੋ ਨੱਸ ਕਰ ਜੀ

ਬੱਸ ਕਰ ਜੀ ਹੁਣ ਬੱਸ ਕਰ ਜੀ
ਇਕ ਬਾਤ ਅਸਾਂ ਨਾਲ ਹੱਸ ਕਰ ਜੀ

ਤੁਸੀਂ ਮੋਇਆਂ ਨੂੰ ਮਾਰ ਨਾ ਮੁੱਕਦੇ ਸੀ
ਖਿੱਦੋ ਵਾਂਙ ਖੂੰਡੀ ਨਿੱਤ ਕੁੱਟਦੇ ਸੀ
ਗੱਲ ਕਰਦਿਆਂ ਦਾ ਗਲ ਘੁੱਟਦੇ ਸੀ
ਹੁਣ ਤੀਰ ਲਗਾਓ ਕੱਸ ਕਰ ਜੀ

ਬੱਸ ਕਰ ਜੀ ਹੁਣ ਬੱਸ ਕਰ ਜੀ
ਇਕ ਬਾਤ ਅਸਾਂ ਨਾਲ ਹੱਸ ਕਰ ਜੀ

ਤੁਸੀਂ ਛੁਪਦੇ ਹੋ ਅਸਾਂ ਪਕੜੇ ਹੋ
ਅਸਾਂ ਨਾਲ ਜ਼ੁਲਫ ਦੇ ਜਕੜੇ ਹੋ
ਤੁਸੀਂ ਅਜੇ ਛੁਪਣ ਨੂੰ ਤਕੜੇ ਹੋ
ਹੁਣ ਜਾਣ ਨਾ ਮਿਲਦਾ ਨੱਸ ਕਰ ਜੀ

ਬੱਸ ਕਰ ਜੀ ਹੁਣ ਬੱਸ ਕਰ ਜੀ
ਇਕ ਬਾਤ ਅਸਾਂ ਨਾਲ ਹੱਸ ਕਰ ਜੀ

ਬੁੱਲ੍ਹਾ ਸ਼ੌਹ ਮੈਂ ਤੇਰੀ ਬਰਦੀ ਹਾਂ
ਤੇਰਾ ਮੁੱਖ ਵੇਖਣ ਨੂੰ ਮਰਦੀ ਹਾਂ
ਨਿੱਤ ਸੌ ਸੌ ਮਿੰਨਤਾਂ ਕਰਦੀ ਹਾਂ
ਹੁਣ ਬੈਠ ਪਿੰਜਰ ਵਿਚ ਧੱਸ ਕਰ ਜੀ

ਬੱਸ ਕਰ ਜੀ ਹੁਣ ਬੱਸ ਕਰ ਜੀ
ਇਕ ਬਾਤ ਅਸਾਂ ਨਾਲ ਹੱਸ ਕਰ ਜੀ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 97 ( ਹਵਾਲਾ ਵੇਖੋ )