ਮਾੜੇ ਦੀ ਤਕਦੀਰ ਵਗ਼ੈਰਾ

ਮਾੜੇ ਦੀ ਤਕਦੀਰ ਬਗ਼ੈਰਾ
ਮੁੱਲਾਂ, ਪੰਡਤ, ਪੀਰ ਵਗ਼ੈਰਾ

ਗੱਲ ਤੇ ਇਕੋ ਨੁਕਤੇ ਦੀ ਏ
ਕੀ ਏ ਵਿਚ ਲਕੀਰ ਵਗ਼ੈਰਾ

ਜੇਕਰ ਮਿਰਜ਼ੇ ਸੌਂ ਜਾਵਣ ਤੇ
ਟੁੱਟ ਜਾਂਦੇ ਨੇ ਤੀਰ ਵਗ਼ੈਰਾ

ਛਾਪਾਂ ਛੱਲੇ ਮੋੜਨ ਲੱਗਾਂ
ਰੱਖ ਲਈ ਏ ਤਸਵੀਰ ਵਗ਼ੈਰਾ

ਗ਼ੈਰਤ ਗ਼ੈਰਤ ਕਰਦੇ ਮਰ ਗਏ
ਕਿੰਨੇ ਖ਼ਾਨ ਸ਼ਮੀਰ ਵਗ਼ੈਰਾ

ਤੇਰੇ ਪਿੱਛੇ ਖਲੀਆਂ ਦਿਸਣ
ਸੋਹਣੀ, ਸੱਸੀ, ਹੀਰ ਵਗ਼ੈਰਾ

ਜੇ ਤੂੰ ਇਸ਼ਕ ਦੇ ਰਾਹ ਪੈਣਾ ਏ
ਸਾਹਿਬਾਂ ? ਫਿਰ ਇਹ ਵੀਰ ਵਗ਼ੈਰਾ

ਉਰਦੂ ਗ਼ਜ਼ਲ ਵੀ ਠੀਕ ਏ ‘ਸਾਬਰ’
ਹਾਂ ਓਹ ਗ਼ਾਲਿਬ, ਮੀਰ ਵਗ਼ੈਰਾ