ਨਵੇਂ ਖ਼ਿਆਲਾਂ ਵਰਗੇ ਸਨ

ਨਵੇਂ ਖ਼ਿਆਲਾਂ ਵਰਗੇ ਸਨ
ਲੋਕ ਮਸ਼ਾਲਾਂ ਵਰਗੇ ਸਨ

ਬਾਲ ਸਿਆਣੇ ਸਨ ਸਾਡੇ
ਬੁੱਢੜੇ ਬਾਲਾਂ ਵਰਗੇ ਸਨ

ਪੁੱਤਰ ਧੁੱਪਾਂ ਤੋਂ ਭੈੜੇ
ਪਿਓ ਤਰਪਾਲਾਂ ਵਰਗੇ ਸਨ

ਰੋੜ੍ਹ ਕੇ ਲੈ ਗਏ ਸਭੁ ਕੁੱਝ
ਅੱਥਰੂ ਝਾਲਾਂ ਵਰਗੇ ਸਨ

ਬਰਛਿਆਂ ਵਰਗੇ ਹੱਥ ਸਨ ਉਹ
ਸੀਨੇ ਢਾਲਾਂ ਵਰਗੇ ਸਨ

ਰਾਤ ਛਿਮਾਹੀ ਪੈਂਦੀ ਸੀ
ਦੇਣਾ ਵੀ ਸਾਲਾਂ ਵਰਗੇ ਸਨ

ਚਿੱਕੜ ਆਬ ਹਯਾਤੀ ਸੀ
ਰੋੜੇ ਲਾਲਾਂ ਵਰਗੇ ਸਨ

ਰਾਤਾਂ ਦਾ ਤੇ ਕੀ ਪੁੱਛਣਾ
ਦਿਨ ਤਰਕਾਲ਼ਾਂ ਵਰਗੇ ਸਨ

ਉਨ੍ਹਾਂ ਦੇ ਵੀ ਹਾਲ ਜ਼ਫ਼ਰ
ਸਾਡੀਆਂ ਹਾਲਾਂ ਵਰਗੇ ਸੁਣ