ਜਿਹੜੇ ਘਰ ਦੇ ਘੜੇ ਤਰੇੜੇ ਜਾਂਦੇ ਨੇਂ

ਜਿਹੜੇ ਘਰ ਦੇ ਘੜੇ ਤਰੇੜੇ ਜਾਂਦੇ ਨੇਂ
ਪਿਆਸੇ ਪੰਛੀ ਕੱਦ ਉਸ ਵਿਹੜੇ ਜਾਂਦੇ ਨੇਂ

ਰਾਂਝਣ ਦੇ ਕਿਸ ਕਾਰ ਤਪੱਸਿਆ ਉਮਰਾਂ ਦੀ
ਹੀਰ ਵਿਆਹਵਨ ਦੇ ਲਈ ਖੇੜੇ ਜਾਂਦੇ ਨੇਂ

ਸਾਨੂੰ ਮਿਲੇ ਨਾ ਸੱਦਾ ਉਹਦੀ ਮਹਿਫ਼ਲ ਦਾ
ਉਸ ਮਹਿਫ਼ਲ ਵਿੱਚ ਖ਼ੌਰੇ ਕਿਹੜੇ ਜਾਂਦੇ ਨੇਂ

ਨੀਵੇਂ ਨੀਵੇਂ ਕਿਰਦਾਰਾਂ ਲਈ ਦੁਨੀਆ ਵਿੱਚ
ਉੱਚੇ ਉੱਚੇ ਸਾਕ ਸਹੇੜੇ ਜਾਂਦੇ ਨੇਂ

ਲੀਡਰ ਲੰਮੀਆਂ ਕਾਰਾਂ ਦੇ ਵਿੱਚ ਨੱਸ ਜਾਂਦੇ
ਮਕਤਲ ਵੱਲੇ ਲੋਕ ਮਰੇੜੇ ਜਾਂਦੇ ਨੇਂ

ਸਾਕਾਦਾਰੀ ਰਹਿ ਗਈ ਕੁਦਸੀ ਦੌਲਤ ਦੀ
ਨੌਹਾਂ ਦੇ ਨਾਲੋਂ ਮਾਸ ਨਖੇੜੇ ਜਾਂਦੇ ਨੇਂ