ਉਨ੍ਹਾਂ ਅੱਗੇ ਭਰੇ ਪਿਆਲੇ ਪਏ ਹੋਏ ਨੇਂ

ਉਨ੍ਹਾਂ ਅੱਗੇ ਭਰੇ ਪਿਆਲੇ ਪਏ ਹੋਏ ਨੇਂ
ਸਾਨੂੰ ਆਪਣੀ ਜਾਨ ਦੇ ਲਾਲੇ ਪਏ ਹੋਏ ਨੇਂ

ਸ਼ੇਅਰਾਂ ਦੀ ਮੁੰਦਰੀ ਵਿੱਚ ਲਾਈਏ ਨਗ ਵਾਂਗੂੰ
ਜਿਹੜੇ ਦੁਖੜੇ ਆਲ਼ ਦਵਾਲ਼ੇ ਪਏ ਹੋਏ ਨੇਂ

ਕੁਝ ਸ਼ੇਅਰਾਂ ਦੀ ਹਾਂਡੀ ਵਿੱਚ ਤਲਖ਼ੀ ਦਾ ਤੜਕਾ
ਕੁਝ ਹਾਲਾਤ ਦੇ ਗਰਮ ਮਸਾਲੇ ਪਏ ਹੋਏ ਨੇਂ

ਅੰਨਿਆਏ ਦੇ ਪੱਥਰਾਂ ਰਸਤੇ ਡੱਕੇ ਨੇਂ
ਸਦੀਆਂ ਬਾਅਦ ਵੀ ਓਥੇ ਹਾਲੇ ਪਏ ਹੋਏ ਨੇਂ

ਨਿੱਕਿਆਂ ਹੁੰਦਿਆਂ ਤੂੰ ਜੋ ਮੈਨੂੰ ਖ਼ਤ ਲਿਖੇ
ਮੇਰੇ ਕੋਲ ਉਹ ਅਜੇ ਸੰਭਾਲੇ ਪਏ ਹੋਏ ਨੇਂ

ਰੱਜ ਬੈਠੇ ਨਾ ਦਿਲ ਦੀ ਗੱਲ ਕੋਈ ਕੀਤੀ
ਉਹ ਜਾਵਣ ਲਈ ਐਂਵੇਂ ਕਾਹਲ਼ੇ ਪਏ ਹੋਏ ਨੇਂ

ਗ਼ੁਰਬਤ ਵਾਲੀ ਧੂੜ ਵਿੱਚ ਰਸਤਾ ਦਿਸਦਾ ਨਹੀਂ
ਅੱਖੀਂ ਬੇ ਸਿੱਮਤੀ ਦੇ ਜਾਲੇ ਪਏ ਹੋਏ ਨੇਂ

ਤੋਹਮਤ ਲਾਉਣ ਤੋਂ ਪਹਿਲਾਂ ਇਹ ਵੀ ਸੋਚ ਲਵੋ
ਕੁਦਸੀ ਕੋਲ ਵੀ ਬੜੇ ਹਵਾਲੇ ਪਏ ਹੋਏ ਨੇਂ