ਜੰਗ ਤੇ ਅਮਨ

ਸ਼ਾਮ ਅੱਜ ਦੀ
ਜਿਵੇਂ
ਚਿੜੀਆਂ ਪਈਆਂ ਚੂਹਕਦੀਆਂ ਹੋਵਣ
ਸਵੇਰ ਨੂੰ
ਜਿਵੇਂ
ਗੱਲ ਵਿਚ ਬੱਧੀਆਂ ਟੱਲੀਆਂ ਵਾਲੇ
ਊਂਠ ਪਏ ਲੰਘਦੇ ਹੋਵਣ
ਥਲਾਂ ਵਿਚੋਂ
ਅੱਗੋਂ ਪਿੱਛੋਂ
ਇਸ ਫੇਰ
ਇਹ ਕਿਉਂ ਥੀਆ
ਅੰਬਾਂ ਉਤੋਂ ਬੂਰ
ਢਾਵਨ ਲੱਗ ਪਿਆ
ਕੋਈ ਲੱਗਿਆ ਇਨ੍ਹਾਂ ਨੂੰ ਰੋਗ, ਅਜਿਹਾ
ਤੋਤੇ
ਚੁੱਪ ਕਰ ਗਏ ਨੇਂ
ਜਿਵੇਂ
ਇਨ੍ਹਾਂ ਡਿੱਠਾ ਹੋਵੇ ਸੱਪ
ਸ਼ੂਕਦਾ
ਚਿੜੀਆਂ
ਚੂਹਕਣ ਲੱਗ ਪਈਆਂ, ਇਕੱਠੀਆਂ
ਅਚਨਚੇਤ
ਕੁਰਲਾਹਟ ਵਿਚ
ਸਾਂਭੋ
ਸਾਂਭੋ
ਨਿਕੜੇ ਨਿਕੜੇ ਬਾਲਾਂ ਕੂਂ
ਵੀਹਦੇ ਪਏ ਓ
ਕੇਡਿਆਂ ਅੰਦਰ ਸ਼ੂਕਦੀਆਂ
ਬਲਦੀਆਂ ਬਲਦੀਆਂ ਅੱਖੀਆਂ ਨੇਂ
ਬਘਿਆੜ ਦੀਆਂ