ਚੰਦਰੀ ਰੁੱਤ ਦਾ ਗਾਉਣ

(ਤੀਜੀ ਦੁਨੀਆ ਦੇ ਨਾਂ)

ਰੁੱਖਾਂ ਦੇ ਪਰਛਾਵੇਂ ਕੰਬਣ,
ਧਰਤੀ ਠੰਡੀ ਠਾਰ

ਸਿਖਰ ਦੁਪਹਿਰੇ, ਰਾਤ ਦੇ ਪਹਿਰੇ,
ਪੁੱਤ ਝੜ ਜਿਹੀ ਬਹਾਰ

ਕੂੰਜਾਂ ਦੀ ਥਾਂ ਅੰਬਰਾਂ ਉੱਤੇ,
ਗਿਰਝਾਂ ਬੰਨ੍ਹੀ ਡਾਰ

ਰੂਹ ਦੀ ਧੂਣੀ ਮਿਰਚਾਂ ਧੋੜੇ
ਨਿੱਤ ਹੋਣੀ ਦੀ ਵਾਰ

ਵੇਲੇ ਦੀ ਕੰਧ ਹੇਠਾਂ ਆ ਗਏ,
ਜੀਵਨ ਦੇ ਦਿਨ ਚਾਰ

ਘਾਟੇ ਵਾਧੇ ਖਾਂਦਾ ਜਾਵੇ,
ਇਸ਼ਕੇ ਦਾ ਬਿਉਪਾਰ

ਘੱਟ ਘੁੱਟ ਕੱਚੀਆਂ ਗੰਢਾਂ ਲਾਵਣ,
ਰੁੱਤਾਂ ਵਰਗੇ ਯਾਰ

ਪੰਖਾਂ ਬਾਝ ਪਖੇਰੂ ਖੇਡਣ
ਨਵਿਓਂ ਨਵੀਂ ਬਹਾਰ

ਜੋ ਆਹਾ ਸੋ ਆਹਾ ਲੋਕਾ
ਅੰਦਰੋਂ ਆਈਏ ਬਾਹਰ

ਹਵਾਲਾ: ਨਾਲ਼ ਸੱਜਣ ਦੇ ਰਹੀਏ, ਅਫ਼ਜ਼ਲ ਸਾਹਿਰ; ਸਾਂਝ ਲਾਹੌਰ 2011؛ ਸਫ਼ਾ 14