ਜਦੋਂ ਕਵਿਤਾ ਲਿਖਣਾ ਨਾਮੁਮਕਿਨ ਹੁੰਦਾ ਏ

ਜਦ ਯਾਰ ਦੀ ਤਲ਼ੀ ਉੱਤੇ
ਤੁਹਾਡਾ ਨਾਂ ਬਚ ਜਾਵੇ
ਸੁਆਹ ਹੋਣ ਤੋਂ ਵੀ
ਇਸ ਵੇਲੇ ਕਵਿਤਾ ਲਿਖਣਾ ਨਾ ਮੁਮਕਿਨ ਹੁੰਦਾ ਏ

ਬੰਦਾ ਫੁੱਲ ਦੀ ਮੌਤ ਤੇ ਕਵਿਤਾ ਲਿਖ ਸਕਦਾ ਏ
ਪਰ ਜਦੋਂ ਗੁਲਾਬ ਨੂੰ ਮਧੋਲ਼ ਕੇ ਸੁੱਟ ਦਿੱਤਾ ਜਾਵੇ
ਤੇ ਉਹਦੇ ਵਿਚੋਂ ਲਹੂ ਵੀ ਨਾ ਵਗੇ
ਉਹਨਾਂ ਕਾਤਲ ਪਲਾਂ ਵਿਚ
ਕਵਿਤਾ ਲਿਖਣਾ ਨਾ ਮੁਮਕਿਨ ਹੁੰਦਾ ਏ

ਬੰਦਾ ਕਵਿਤਾ ਲਿਖ ਸਕਦਾ ਏ
ਜਦ ਸਮਾਜੀ ਇਨਸਾਫ਼ ਦਾ ਜੰਗ ਹਾਰਿਆ ਜਾਵੇ
ਪਰ ਜਦੋਂ ਦਿਲ ਤੋਂ ਦੁਨੀਆ ਤਾਈਂ
ਕੋਈ ਜੰਗ ਹੀ ਨਾ ਹੋਵੇ
ਇਸ ਵੇਲੇ ਕਵਿਤਾ ਲਿਖਣਾ ਨਾ ਮੁਮਕਿਨ ਹੁੰਦਾ ਏ

ਬੰਦਾ ਕਵਿਤਾ ਲਿਖਦਾ ਏ
ਜਦੋਂ ਯਾਰ ਬੇਵਫ਼ਾਈ ਕਰੇ
ਯਾਂ ਕੋਈ ਦਿਲ ਦੀ ਸੰਝ ਨੂੰ ਹੰਝੂਆਂ ਨਾਲ਼ ਭਰੇ
ਪਰ ਜਦ ਯਾਰ ਸੱਚਾ ਹੋਵੇ ਤੇ ਅਪਣਾ ਨਾਂ ਪੱਥਰ ਰੱਖ ਲਵੇ
ਬੱਸ ਆਪਣੇ ਦਿਲ ਦੀ ਸੰਝ ਵਿਚ ਕਲਾ ਮਰੇ

ਉਨ੍ਹਾਂ ਬੇਦਰਦ ਪਲਾਂ ਵਿਚ
ਕਵਿਤਾ ਲਿਖਣਾ ਨਾ ਮੁਮਕਿਨ ਹੁੰਦਾ ਏ

ਅਸਾਂ ਅਣਗਿਣਤ ਗੀਤ ਲਿਖੇ
ਦਰਦ ਦੇ, ਬੇਦਰਦੀ ਦੇ, ਮੌਤ ਦੇ
ਪਰ ਜਦ ਕੁੱਝ ਵੀ ਬਾਕੀ ਨਾ ਰਵੇ
ਤਾਂ ਕਵਿਤਾ ਲਿਖਣਾ ਨਾ ਮੁਮਕਿਨ ਹੁੰਦਾ ਏ

ਹਵਾਲਾ: ਮੇਰੀਆਂ ਨਜ਼ਮਾਂ ਮੋੜ ਦੇ; ਸਫ਼ਾ 79