ਤੇਰੇ ਹੱਥਾਂ ਲਈ ਇਕ ਗਾਵਣ

ਤੇਰੇ ਹੱਥਾਂ ਦੇ ਕੋਰੇ ਕਾਗਤ ਉੱਤੇ
ਮੈਂ ਦਸਤਖ਼ਤ ਕੀਤੇ
ਤੇ ਜ਼ੁਲਮ ਦੇ ਹੱਥੋਂ ਸਾਹ ਹਾਰ ਦੇ ਹਰ ਬੰਦੇ ਨੂੰ
ਦਿਲ ਦਾ ਕਫ਼ਨ ਦਿੱਤਾ
ਤੇਰੀ ਤਲ਼ੀ ਅਤੇ
ਮੇਰੀਆਂ ਅੱਖਾਂ ਦੇਵੇ ਬਣ ਗਈਆਂ
ਤੇ ਜਿਵੇਂ ਹਨੇਰਾ ਮੁੱਕ ਗਿਆ ਹੋਵੇ
ਗ਼ਰੀਬ ਵਸਤੀਆਂ ਦੇ ਕਾਲੇ ਪਲਾਂ ਦਾ
ਮੈਂ ਤੇਰਾ ਹੱਥ ਫੜ ਕੇ ਟੁਰਿਆ
ਤੇ ਇਕ ਭੁੱਖ ਮਰਿਆ ਬਾਲ ਮੁਸਕਰਾਇਆ ਆਪਣੀ ਮਾਂ ਦੀ ਝੋਲ਼ੀ ਵਿਚ

ਤੇਰਾ ਪਿਆਰ ਮਨਸ਼ੂਰ ਏ
ਹਾਰੇ ਦਿਲਾਂ ਦਾ
ਤੇ ਤੇਰਾ ਪਿਆਰ ਇਕ ਗਾਵਣ ਏ
ਮਰਦੇ ਹੋਂਠਾਂ ਦਾ
ਤੇ ਤੇਰਾ ਪਿਆਰ ਇਕ ਤਾਰਾ ਏ
ਹਨੇਰੀਆਂ ਰਾਤਾਂ ਅੰਦਰ ਭਟਕ ਜਾਣ ਵਾਲੇ ਪੈਰਾਂ ਲਈ
ਤੇ ਤੇਰਾ ਪਿਆਰ
ਇਕ ਬਾਰੀ
ਬੰਦੀ ਖ਼ਾਨੇ ਦੇ ਇਕਲਾਪੇ ਵਿਚ ਪਏ ਸੰਗੀਆਂ ਲਈ
ਤੇਰਾ ਪਿਆਰ , ਦਰਦਮੰਦੀ
ਸਾਰੀ ਇਨਸਾਨ ਜ਼ਾਤ ਲਈ
ਤੇ ਤੇਰੇ ਹੱਥਾਂ ਦੇ ਕੋਰੇ ਕਾਗਤ ਉੱਤੇ
ਛੂਹ ਮੇਰੇ ਹੱਥ ਦੀ
ਤੇ ਛੂਹ ਸਾਰੇ ਜੱਗ ਦੀ

ਹਵਾਲਾ: ਮੇਰੀਆਂ ਨਜ਼ਮਾਂ ਮੋੜ ਦੇ; ਸਫ਼ਾ 38