ਹਿਜਰ ਦੀ ਤਖ਼ਤੀ ਲਿਖਦਾ ਰਹਿੰਦਾ ਦਿਲ

ਹਿਜਰ ਦੀ ਤਖ਼ਤੀ ਲਿਖਦਾ ਰਹਿੰਦਾ ਦਿਲ
ਬਾਲਾਂ ਵਾਂਗੂੰ ਅੱਖਰ ਪਾਂਦਾ ਦਿਲ

ਫੁੱਲ ਗੁਲਾਬ ਦਾ ਖਿੜਿਆ ਹੋਇਆ ਵੇਖ
ਪੁੱਛ ਨਾ ਕੀਕੂੰ ਟੋਟੇ ਹੋਇਆ ਦਿਲ

ਮੇਰੀ ਗੱਲ ਨਾ ਪੱਲੇ ਉਹਦੇ ਪਈ
ਜਿਸਦੇ ਹੱਥ ਵਿਚ ਰਹਿੰਦਾ ਮੇਰਾ ਦਿਲ

ਸੱਧਰ ਮੈਨੂੰ ਵਾਂਗ ਭੰਵਰ ਦੇ ਸੀ
ਦਿਲ ਦਰਿਆ ਵਿਚ ਡੁੱਬਾ ਹੋਇਆ ਦਿਲ

ਸਾਰੀ ਰਾਤ ਨਾ ਮੈਨੂੰ ਦੇਵੇ ਸੌਣ
ਪਿੰਜਰੇ ਵਿਚ ਪਖੇਰੂ ਵਰਗਾ ਦਿਲ

ਹੋਰ ਜ਼ਫ਼ਰ ਮੈਂ ਉਹਨੂੰ ਆਖਾਂ ਕੀ
ਓਹੋ ਅੱਛਾ ਜਿਸਦਾ ਅੱਛਾ ਦਿਲ