ਪੈੜਾਂ ਕੋਲੋਂ ਪੁੱਛਦਾ ਰਹਿਣਾ ਰਾਹਵਾਂ ਮੈਂ

ਪੈੜਾਂ ਕੋਲੋਂ ਪੁੱਛਦਾ ਰਹਿਣਾ ਰਾਹਵਾਂ ਮੈਂ
ਸਮਝ ਨਾ ਆਵੇ ਕਿਹੜੇ ਪਾਸੇ ਜਾਵਾਂ ਮੈਂ

ਰੱਬਾ ਲੰਬੀ ਜਿਹੀ ਹਿਆਤੀ ਦੇ-ਦੇ ਤੂੰ
ਅੱਥਰੂ ਪੀਵਾਂ ਦੁੱਖ ਲੋਕਾਂ ਦੇ ਖਾਵਾਂ ਮੈਂ

ਹਰ ਮੁੱਖੜੇ ਤੋਂ ਹੰਝੂ ਆਪੇ ਪੂੰਝਾਂ ਮੈਂ
ਹਰ ਚਿਹਰੇ ਤੇ ਹਾਸੇ ਆਪ ਖਿੜਾਵਾਂ ਮੈਂ

ਹਰ ਘਰ ਅੰਦਰ ਚਾਅ ਦੇ ਦੀਵੇ ਬਾਲ ਦਿਆਂ
ਹਰ ਵਿਹੜੇ ਨੂੰ ਸੁੱਖਾਂ ਨਾਲ ਸਜਾਵਾਂ ਮੈਂ

ਹਰ ਮਨ ਅੰਦਰ ਅੰਮ੍ਰਿਤ ਪਿਆਰ ਦੀ ਡੋਲ੍ਹ ਦਿਆਂ
ਹਰ ਅੱਖ ਅੰਦਰ ਪਿਆਰ ਦਾ ਸੁਰਮਾਂ ਪਾਵਾਂ ਮੈਂ