ਜਿਉਂ ਜਿਉਂ ਕੋਠੇ ਉੱਚੇ ਹੁੰਦੇ ਜਾਂਦੇ ਨੇ

ਜਿਉਂ ਜਿਉਂ ਕੋਠੇ ਉੱਚੇ ਹੁੰਦੇ ਜਾਂਦੇ ਨੇ ।
ਤਿਉਂ ਤਿਉਂ ਬੰਦੇ ਛੋਟੇ ਹੁੰਦੇ ਜਾਂਦੇ ਨੇ ।

ਪਿਆਰ ਦੀ ਦੁਨੀਆਂ ਅੰਦਰ ਜਿਹੜੇ ਚਲਦੇ ਸਨ
ਉਹ ਸਿੱਕੇ ਵੀ ਖੋਟੇ ਹੁੰਦੇ ਜਾਂਦੇ ਨੇ ।

ਰੱਬਾ ! ਮੇਰੇ ਪਾਕ ਵਤਨ ਦੀ ਖ਼ੈਰ ਕਰੀਂ
ਜ਼ਿਹਨਾਂ ਦੇ ਤੇ ਟੋਟੇ ਹੁੰਦੇ ਜਾਂਦੇ ਨੇ ।

ਰਾਵ੍ਹਾਂ ਵਿੱਚੋਂ ਕੰਡੇ ਚੁਗ ਚੁਗ ਥਕ ਗਿਆ ਵਾਂ
ਜ਼ਖ਼ਮੀ ਉਂਗਲਾਂ ਪੋਟੇ ਹੁੰਦੇ ਜਾਂਦੇ ਨੇ ।

ਵੱਡਿਆਂ ਵੱਡਿਆਂ ਸ਼ਮਲਿਆਂ ਵਾਲੇ ਸਭ ਲੇਖਕ
ਹੁਣ ਬੇਪੇਂਦੇ ਲੋਟੇ ਹੁੰਦੇ ਜਾਂਦੇ ਨੇ ।