ਕੀ ਦੱਸਾਂ ਮੈਂ ਕਿਹੜੀ ਕਿਹੜੀ ਸਿਰੋਂ ਮੁਸੀਬਤ ਟਾਲੀ ਏ

ਕੀ ਦੱਸਾਂ ਮੈਂ ਕਿਹੜੀ ਕਿਹੜੀ ਸਿਰੋਂ ਮੁਸੀਬਤ ਟਾਲੀ ਏ ।
ਪੰਝੀ ਵਰ੍ਹੇ ਕਮਾਂਦਿਆਂ ਗੁਜ਼ਰੇ ਫੇਰ ਵੀ ਝੋਲੀ ਖ਼ਾਲੀ ਏ ।

ਅੰਦਰੋਂ ਤੇ ਸਭ ਮਰੇ ਹੋਏ ਨੇ ਉੱਤੋਂ ਉੱਤੋਂ ਹਸਦੇ ਨੇ
ਹਰ ਇਕ ਮੁਖੜਾ ਲੁਟਿਆ ਲੁਟਿਆ ਹਰ ਇਕ ਅੱਖ ਸਵਾਲੀ ਏ ।

ਜਿਹੜਾ ਵੀ ਜ਼ੋਰਾਵਰ ਆਕੇ ਬਾਗ਼ ਉਜਾੜਾ ਪਾਉਂਦਾ ਏ
ਲੋਕੀ ਡਰਦੇ ਆਖਣ ਉਸਨੂੰ ਸਾਡੇ ਬਾਗ਼ ਦਾ ਮਾਲੀ ਏ ।

ਜਿਸਦਾ ਘਰ ਹੈ ਲੁਟਿਆ ਜਾਂਦਾ ਸੁਖ ਦੀ ਨੀਂਦਰ ਸੌਂਦਾ ਨਈਂ
ਮੂਰਖ ਫੇਰ ਵੀ ਜਸ਼ਨ ਮਨਾਵਣ ਆਖਣ ਹਿੰਮਤ ਆਲੀ ਏ ।

ਅਕਬਰ ਜਿਹੜੇ ਰੁਖ ਦੇ ਥੱਲੇ ਬਹਿਕੇ ਔਂਸੀਆਂ ਪਾਉਨਾਂ ਏਂ
ਇਹਦੇ ਇਕ ਇਕ ਪੱਤਰ ਉੱਤੇ ਸੌ ਸੌ ਨਕਸ਼ ਖ਼ਿਆਲੀ ਏ