ਵਿਚੋਂ ਡਾਹਡਾ ਡੋਲਿਆ ਹੋਇਆ, ਉੱਤੋਂ ਏ ਮਸਰੂਰ

ਵਿਚੋਂ ਡਾਹਡਾ ਡੋਲਿਆ ਹੋਇਆ, ਉੱਤੋਂ ਏ ਮਸਰੂਰ
ਅੱਜ ਦਾ ਬਣਦਾ, ਕੱਲ੍ਹ ਦੇ ਬੰਦੇ ਨਾਲੋਂ ਵੱਧ ਮਜਬੂਰ

ਇਸ ਦੁਨੀਆਂ ਦੀ ਰੁਝੀ-ਪੁੱਜੀ ਹਾਲਤ, ਵਾਂਗ ਇਸ ਬੂਟੇ
ਫ੍ਫੱਲ ਤੇ ਫਲ ਲੱਗਣ ਤੋਂ ਪਹਿਲਾਂ ਝੜ ਗਿਆ ਜਿਸਦਾ ਬੋਰ

ਇਸ ਦਿਨ ਤੋਂ ਨਾਲ਼ ਪਿਆ ਕਾਂ ਟਿਰਕੇ ਵੀ ਨਹੀਂ ਡਿੱਠਾ
ਜਦ ਦੇ ਉਸਦੇ ਨੈਣ-ਸ਼ਰਾਬੀ ਕਰ ਗਏ ਨੇ ਮਖ਼ਮੂਰ

ਸਾਦ-ਮੁਰਾਦੀ ਹਾਲਤ ਵਿਚ ਵੀ ਜਦ ਉਸ ਝਲਕ ਵਿਖਾਈ
ਮੇਰੀਆਂ ਦੋ-ਨੈਣਾਂ ਨੂੰ ਲੱਗਿਆ ਜਲਵਾ 'ਕੋਹਤੋਰ

ਚਾਹਵਾਨਾਂ ਦੀ ਪਰ੍ਹੀਆ ਦੇ ਵਿਚ ਫੇਰੀਆਂ ਸਾਥੋਂ ਅੱਖੀਆਂ
ਅਣਮੁੱਲੀ ਚਾਹਤ ਦਾ ਮੁੱਲ ਇਹ ਪਾਇਆ ਇਸ ਮਗ਼ਰੂਰ

ਇਹ ਤਾਂ ਆਪਣੀ ਨਾ-ਸਮਝੀ ਸੀ, ਦੋਸ਼ ਨਹੀਂ ਸੀ ਉਹਦਾ
ਦਿਲ ਦੇ ਨੇੜੇ ਸਮਝਿਆ ਉਹਨੂੰ, ਸੀ ਅੱਖਾਂ ਤੋਂ ਦੂਰ

ਇਹੋ ਦਿਲ ਸਾਗਰ ਤੋਂ ਡੂੰਘਾ, ਇਹੋ ਨਾਜ਼ੁਕ ਸ਼ੀਸ਼ਾ
ਜ਼ੋਰਾਵਰਾਂ ਦੀ ਜ਼ੋਰਾਵਰੀ ਨੇ ਕੀਤਾ ਚਕਨਾਚੂਰ

ਇਕ ਜ਼ਾਲਮ ਦੇ ਪਿਆਰ-ਵਫ਼ਾਰ ਦੀ ਲੱਜ ਪਾਲਣ ਦੀ ਖ਼ਾਤਿਰ
ਦੁਨੀਆਂ ਭਰ ਦੇ ਤਾਣੇ-ਮਿਹਣੇ ਅਖ਼ਤਰ ਨੂੰ ਮਨਜ਼ੂਰ