ਪਹਿਲੇ ਪਿਆਰ ਦੀ ਚੱਸ ਨਹੀਂ ਜਾਂਦੀ

ਪਹਿਲੇ ਪਿਆਰ ਦੀ ਚੱਸ ਨਹੀਂ ਜਾਂਦੀ
ਚੜ੍ਹ ਕੇ ਫ਼ਿਰ ਇਹ ਕਿਸ ਨਹੀਂ ਜਾਂਦੀ

ਦਿਲ ਤੋਂ ਨਹੀਂ ਹਟਣਾ ਇਹ ਹੁੱਸੜ
ਬਦਲੀ ਜਦ ਤੱਕ ਵੱਸ ਨਹੀਂ ਜਾਂਦੀ

ਮੌਜਾਂ ਮਾਣਦੀ ਹੈ ਦਰਿਆ ਵਿਚ
ਮੱਛੀ ਜਦ ਤੱਕ ਫਸ ਨਹੀਂ ਜਾਂਦੀ

ਸੱਤ ਸਮੁੰਦਰ ਪੀ ਲਈ ਫ਼ਿਰ ਵੀ
ਕਿਉਂ ਮਿੱਟੀ ਦੀ ਤਿਸ ਨਹੀਂ ਜਾਂਦੀ

ਇਸ਼ਕੇ ਨਹੀਂ ਛੱਡਣਾ ਉਸ ਦਿਲ ਨੂੰ
ਅਕਲ ਜਦੋਂ ਤੱਕ ਨੱਸ ਨਹੀਂ ਜਾਂਦੀ

ਨਿੰਦਰ ਨਹੀਂ ਸੱਧਰਾਂ ਨੂੰੰ
ਜਦ ਤੱਕ ਸੱਪਣੀ ਡੱਸ ਨਹੀਂ ਜਾਂਦੀ

ਲੜ ਕੇ ਹਰ ਵਾਰੀ ਕਿਉਂ ਪੇਕੇ
ਨੂੰਹ ਜਾਂਦੀ ਹੈ ਸੱਸ ਨਹੀਂ ਜਾਂਦੀ

ਸੂਰਜ ਨੇ ਡੁੱਬਣਾ ਨਹੀਂ ਜਦ ਤਕ
ਉਹ ਖਿੜਕੀ ਵਿਚ ਹੱਸ ਨਹੀਂ ਜਾਂਦੀ