ਸਾਂਭ ਕੇ ਰੱਖੀ ਚੀਜ਼ ਨੂੰ ਦੇਖ ਲੱਗਦਾ ਹੈ ਕਿ ਮੈਂ ਹਾਂ ਕਿ ਮੇਰਾ ਵੀ ਕੋਈ ਹੈ । ਸਾਂਭ ਕੇ ਰੱਖੀ ਚੀਜ਼ ਮੈਨੂੰ ਚੇਤੇ ਕਰਾਉਂਦੀ ਹੈ ਕਿ ਤੂੰ ਨਹੀਂ ਏਂ, ਤੇਰਾ ਤਾਂ ਕੋਈ ਨਹੀਂ । ਸਾਂਭ ਕੇ ਰੱਖੀ ਚੀਜ਼ ਮੈਨੂੰ ਸੁਣਾਉਤ ਕਰਦੀ ਹੈ -- ਤੂੰ ਸਾਂਭ ਕੇ ਰੱਖਣ ਵਾਲੀ ਚੀਜ਼ ਨਹੀਂ ਤੇਰਾ ਪੱਕਾ ਸਰਨਾਵਾਂ ਕੋਈ ਨਹੀਂ । ਸਾਂਭ ਕੇ ਰੱਖੀ ਚੀਜ਼ ਮੇਰੀ ਛਾਤੀ 'ਤੇ ਪਿਆ ਮਣਾਂ- ਮੂੰਹੀਂ ਭਾਰ ਹੈ । ਸਾਂਭ ਕੇ ਰੱਖੀ ਚੀਜ਼ ਕਦੇ ਨਾ ਮੁੱਕਣ ਵਾਲਾ ਤਰਲਾ ਹੈ ਨਾ ਭੁੱਲਣ ਦਾ । ਸਾਂਭ ਕੇ ਰੱਖੀ ਚੀਜ਼ ਸਮਝਾਉਂਦੀ ਹੈ -- ਮੇਰੇ ਵੱਲ ਦੇਖ, ਸਭ ਕੁਝ ਇਥੇ ਰਹ ਜਾਣਾ ਹੈ । ਸਾਂਭ ਕੇ ਰੱਖੀ ਚੀਜ਼ ਸਮੇਂ ਦੀ ਕੁੱਖ ਵਿਚ ਪਈ ਹੈ ਮੁੜ ਜੰਮਣ ਦੀ ਉਡੀਕ ਕਰਦੀ । ਸਾਂਭ ਕੇ ਰੱਖੀ ਚੀਜ਼ ਵਹਿੰਦੇ ਪਾਣੀ 'ਚ ਪਿਆ ਪੱਥਰ ਹੈ। ਸਾਂਭ ਕੇ ਰੱਖੀ ਚੀਜ਼ ਕਿਸੇ ਦੀ ਗੁਆਚੀ ਹੋਈ ਚੀਜ਼ ਹੈ । ਸਾਂਭ ਕੇ ਰੱਖੀ ਚੀਜ਼ ਕਿਸੇ ਦੀ ਸੁੱਟੀ ਹੋਈ ਚੀਜ਼ ਹੈ । ਸਾਂਭ ਕੇ ਰੱਖੀ ਚੀਜ਼ ਕਿਸੇ ਤੋਂ ਵਿਛੜੀ ਹੋਈ ਚੀਜ਼ ਹੈ । ਸਾਂਭ ਕੇ ਰੱਖੀ ਚੀਜ਼ ਦੇਖ ਮੈਂ ਸੋਚਦਾ ਹਾਂ -- ਇਹ ਸਾਂਭ ਕੇ ਰੱਖਣ ਵਾਲੀ ਚੀਜ਼ ਨਹੀਂ, ਪਰ ਫੇਰ ਵੀ ਸਾਂਭੀ ਰੱਖਦਾ ਹਾਂ । ਸਾਂਭ ਕੇ ਰੱਖੀ ਚੀਜ਼ ਕਦੇ ਵੀ ਕੰਮ ਨਹੀਂ ਆਉਂਦੀ, ਪਰ ਹੁੰਦੀ ਕੰਮ ਦੀ ਹੈ । ਸਾਂਭ ਕੇ ਰੱਖੀ ਚੀਜ਼ ਕਦੇ ਨਹੀਂ ਮਿਲ਼ਦੀ ।