ਅੰਨ ਦਾਤਾ!
ਮੇਰੀ ਜੀਭ 'ਤੇ – ਤੇਰਾ ਲੂਣ ਏਂ
ਤੇਰਾ ਨਾਂ – ਮੇਰੇ ਬਾਪ ਦਿਆਂ ਹੋਠਾਂ 'ਤੇ
ਤੇ ਮੇਰੇ ਇਸ ਬੁੱਤ ਵਿਚ ਮੇਰੇ ਬਾਪ ਦਾ ਖ਼ੂਨ ਏਂ
ਮੈਂ ਕਿਵੇਂ ਬੋਲਾਂ
ਮੇਰੇ ਬੋਲਣ ਤੋਂ ਪਹਿਲਾਂ ਬੋਲ ਪੈਂਦਾ ਏ ਤੇਰਾ ਅੰਨ
ਕੁਛ ਕੁ ਬੋਲ ਸਨ ਪਰ ਅਸੀਂ ਅੰਨ ਦੇ ਕੀੜੇ
ਤੇ ਅੰਨ ਭਾਰ ਹੇਠਾਂ ਉਹ ਦੱਬੇ ਗਏ ਹਨ

ਅੰਨ ਦਾਤਾ!
ਕਾਮੇ ਮਾਂ ਬਾਪ ਦਿੱਤੇ ਕਾਮੇ ਨੇ ਜੰਮ ਕਾਮੇ ਦਾ ਕੰਮ ਹੈ ਸਿਰਫ਼ ਕੰਮ
ਬਾਕੀ ਵੀ ਤਾਂ ਕੰਮ ਕਰਦੈ ਇਹੋ ਹੀ ਚੰਮ
ਉਹ ਵੀ ਇੱਕ ਕੰਮ ਇਹ ਵੀ ਇੱਕ ਕੰਮ

ਅੰਨ ਦਾਤਾ!
ਮੈਂ ਚੰਮ ਦੀ ਗੁੱਡੀ ਖੇਡ ਲੈ, ਖਿਡਾ ਲੈ
ਤੇਰੇ ਸਾਹਵੇਂ ਖੜੀ ਹਾਂ ਅਹਿ ਵਰਤਣ ਦੀ ਸ਼ੈ ਜਿਵੇਂ ਚਾਹੇ ਵਰਤ ਲੈ
ਉੱਗੀ ਹਾਂ, ਪਿਸੀ ਹਾਂ, ਗੁਝੀ ਹਾਂ, ਵਿਲੀ ਹਾਂ
ਤੇ ਅੱਜ ਤੱਤੇ ਤਵੇ ਤੇ ਜਿਵੇਂ ਚਾਹੇ ਪਰੱਤ ਲੈ
ਮੈਂ ਬੁਰਕੀ ਤੋਂ ਵੱਧ ਕੁਛ ਨਹੀਂ ਜਿਵੇਂ ਚਾਹੇ ਨਿਗਲ ਲੈ
ਤੇ ਤੂੰ ਲਾਵੇ ਤੋਂ ਵੱਧ ਕੁਛ ਨਹੀ ਜਿੰਨਾ ਚਾਹੇ ਪਿਘਲ ਲੈ
ਲਾਵੇ 'ਚ ਲਪੇਟ ਲੈ ਕਦਮਾਂ ਤੇ ਖੜੀ ਹਾਂ ਬਾਹਵਾਂ 'ਚ ਸਮੇਟ ਲੈ
ਚੁੰਮ ਲੈ ਚੱਟ ਲੈ, ਤੇ ਫੇਰ ਰਹਿੰਦ ਖੂੰਹਦ ਉਸਦਾ ਵੀ ਕੁਝ ਵੱਟ ਲੈ

ਅੰਨ ਦਾਤਾ!
ਮੇਰੀ ਜ਼ੁਬਾਨ
ਤੇ ਇਨਕਾਰ? ਇਹ ਕਿਵੇਂ ਹੋ ਸਕਦੈ
ਹਾਂ۔۔۔ ਪਿਆਰ۔۔۔ ਇਹ ਤੇਰੇ ਮਤਲਬ ਦੀ ਸ਼ੈ ਨਹੀਂ

ਹਵਾਲਾ: ਕਾਗ਼ਜ਼ ਤੇ ਕੈਨਵਸ; ਸਾਂਝ; ਸਫ਼ਾ 43 ( ਹਵਾਲਾ ਵੇਖੋ )