ਛੱਲੀਆਂ ਸੂਤ ਕੱਤਦੀਆਂ ਪਈਆਂ
ਪੈਂਦਾ ਪਿਆਰ ਖਿਲਾਰ
ਨਵੀਂ ਫ਼ਸਲ ਦੇ ਕੱਦ ਨੂੰ
ਔਂਦਾ ਪਿਆ ਹੁਲਾਰ

ਮੱਕੀ ਸੂਤਰ ਕੱਤਦੀ
ਪਾਏ ਸੁਨਹਿਰੀ ਤੰਦ
ਪੱਤਰ ਚੜ੍ਹੀਆਂ ਲਾਲੀਆਂ
ਪੌਣਾਂ ਵਿਚ ਸੁਗੰਧ

ਨਵੀਂ ਫ਼ਸਲ ਦੀ ਬਾਲੜੀ
ਅੱਜ ਹੋਈ ਮੁਟਿਆਰ
ਛੱਲੀਆਂ ਸੂਤ ਕੱਤਦੀਆਂ ਪਈਆਂ
ਪੈਂਦਾ ਪਿਆ ਖਿਲਾਰ

ਜ਼ਰ ਖ਼ਰੀਦ ਜੋਰੂ ਦੇ ਵਾਕਰ
ਫ਼ਸਲਾਂ ਦੀ ਇਕ ਕਹਾਣੀ
ਮੰਡੀਆਂ ਦੇ ਵਿਚ ਵਿਕਦੀ ਰਹੀ ਏ
ਕਣਕਾਂ ਦੀ ਭਰਪੂਰ ਜਵਾਨੀ
ਇਸ ਦੀ ਨਾਰੀ ਰੂਹ ਅੱਜ ਵਿਕਣੋਂ
ਕਰਦੀ ਹੈ ਇਨਕਾਰ
ਛੱਲੀਆਂ ਸੂਤ ਕੱਤਦੀਆਂ ਪਈਆਂ
ਪੈਂਦਾ ਪਿਆ ਖਿਲਾਰ

ਉਗ ਉਗ ਹਫ਼ੀ ਵਿਕ ਵਿਕ ਹਾਰੀ
ਕਣਕ ਹੋਈ ਇਨਕਾਰੀ
ਅੱਜ ਖਲੋਤੀ ਸੁਖੜ ਹੋ ਕੇ
ਛੱਲੀਆਂ ਵਿਚਲੀ ਨਾਰੀ
ਜੋ ਅਸਲੀ ਵਾਰਿਸ ਇਸ਼ਕ ਦਾ
ਅੱਜ ਉਸ ਨੂੰ ਰਹੀ ਪੁਕਾਰ
ਛੱਲੀਆਂ ਸੂਤ ਕੱਤਦੀਆਂ ਪਈਆਂ
ਪੈਂਦਾ ਪਿਆ ਖਿਲਾਰ

ਜ਼ੋਰ ਜ਼ਬਰ ਦੀ ਅਤੇ ਜ਼ਰਾਂ ਦੀ
ਅੱਜ ਨਾ ਬਣਦੀ ਬਾਂਦੀ
ਜੋ ਸੱਚਾ ਆਸ਼ਿਕ ਕਿਰਤ ਦਾ
ਅੱਜ ਉਸ ਨੂੰ ਪਈ ਬੁਲਾਂਦੀ
ਨਵੀਂ ਰੁੱਤ ਦਾ "ਰੱਜ" ਵੰਗਾਰੇ
"ਭੁੱਖਾਂ" ਨੂੰ ਇਸ ਵਾਰ
ਛੱਲੀਆਂ ਸੂਤ ਕੱਤਦੀਆਂ ਪਈਆਂ
ਪੈਂਦਾ ਪਿਆ ਖਿਲਾਰ

ਓਏ ਸਭਨਾਂ ਹੱਕਾਂ ਵਾਲਿਆ
ਤੇਰੇ ਹੱਕ ਮਾਰਦੇ ਵਾਜ
ਅੱਜ ਤੇਰੀਆਂ ਹੋਈਆਂ ਦੌਲਤਾਂ
ਤੈਨੂੰ ਲੱਗੀਆਂ ਦੀ ਅੱਜ ਲਾਜ
ਅੱਜ ਰੌਣਕ ਤੇਰੇ ਖੇਤ ਦੀ
ਤੇਰੇ ਵਿਹੜੇ ਦਾ ਸ਼ਿੰਗਾਰ
ਛੱਲੀਆਂ ਸੂਤ ਕੱਤਦੀਆਂ ਪਈਆਂ
ਪੈਂਦਾ ਪਿਆ ਖਿਲਾਰ

ਹਵਾਲਾ: ਨਵੇਂ ਰੁੱਤ; ( ਹਵਾਲਾ ਵੇਖੋ )