ਚੇਤਰ ਦਾ ਵਣਜਾਰਾ ਆਇਆ ਬੁਚਕੀ ਮੋਢੇ ਚਾਈ ਵੇ

ਚੇਤਰ ਦਾ ਵਣਜਾਰਾ ਆਇਆ ਬੁਚਕੀ ਮੋਢੇ ਚਾਈ ਵੇ
ਅਸਾਂ ਵਿਹਾਜੀ ਪਿਆਰ-ਕਥੂਰੀ ਵੇਂਹਦੀ ਰਹੀ ਲੋਕਾਈ ਵੇ

ਸਾਡਾ ਵਣਜ ਮੁਬਾਰਕ ਸਾਨੂੰ ਕੱਲ੍ਹ ਹੱਸਦੀ ਸੀ ਜਿਹੜੀ ਦੁਨੀਆਂ
ਉਹ ਦੁਨੀਆਂ ਅੱਜ ਸਾਡੇ ਕੋਲੋਂ ਚੁਟਕੀ ਮੰਗਣ ਆਈ ਵੇ

ਬਿਰਹਾ ਦਾ ਇੱਕ ਖਰਲ ਬਲੌਰੀ ਜਿੰਦੜੀ ਦਾ ਅਸਾਂ ਸੁਰਮਾ ਪੀਠਾ
ਰੋਜ਼ ਰਾਤ ਨੂੰ ਅੰਬਰ ਆ ਕੇ ਮੰਗਦਾ ਇਕ ਸਲਾਈ ਵੇ

ਦੋ ਅੱਖੀਆਂ ਦੇ ਪਾਣੀ ਅੰਦਰ ਕੱਲ੍ਹ ਅਸਾਂ ਕੁਝ ਸੁਪਨੇ ਘੋਲੇ
ਇਹ ਧਰਤੀ ਅੱਜ ਸਾਡੇ ਵੇਹੜੇ ਚੁੰਨੀ ਰੰਗਣ ਆਈ ਵੇ

ਕੱਖ ਕਾਣ ਦੀ ਝੁੱਗੀ ਸਾਡੀ ਜਿੰਦ ਦਾ ਮੂੜ੍ਹਾ ਕਿੱਥੇ ਡਾਹੀਏ
ਸਾਡੇ ਘਰ ਅੱਜ ਯਾਦ ਤੇਰੀ ਦੀ ਚਿਣਗ ਪ੍ਰਾਹੁਣੀ ਆਈ ਵੇ

ਸਾਡੀ ਅੱਗ ਮੁਬਾਰਕ ਸਾਨੂੰ ਸੂਰਜ ਸਾਡੇ ਬੂਹੇ ਆਇਆ
ਉਸ ਨੇ ਅੱਜ ਇਕ ਕੋਲਾ ਮੰਗ ਕੇ ਆਪਣੀ ਅੱਗ ਸੁਲਗਾਈ ਵੇ

ਹਵਾਲਾ: ਕਾਗ਼ਜ਼ ਤੇ ਕੈਨਵਸ, ਸਾਂਝ; ਸਫ਼ਾ 184 ( ਹਵਾਲਾ ਵੇਖੋ )