ਮੈਂ ਚੁੱਪ ਸ਼ਾਂਤ ਤੇ ਅਡੋਲ

ਮੈਂ ਚੁੱਪ ਸ਼ਾਂਤ ਤੇ ਅਡੋਲ ਖੜੀ ਸਾਂ
ਸਿਰਫ਼ ਕੋਲ਼ ਵਗਦੇ ਸਮੁੰਦਰ ਦੇ ਵਿਚ ਤੂਫ਼ਾਨ ਸੀ
ਫ਼ੇਰ ਸਮੁੰਦਰ ਨੂੰ ਰੱਬ ਜਾਣੇ ਕੀ ਖ਼ਿਆਲ ਆਇਆ
ਉਸ ਆਪਣੇ ਤੂਫ਼ਾਨ ਦੀ ਇਕ ਪੋਟਲ਼ੀ ਬੰਨ੍ਹੀ
ਫ਼ੇਰ ਹੱਥਾਂ ਵਿਚ ਫੜਾਈ
ਤੇ ਹੱਸ ਕੇ ਕੁੱਝ ਪਰਾਂ ਹੋ ਗਿਆ
ਹੈਰਾਨ ਸਾਂ ਪਰ ਉਸ ਦਾ ਚਮਤਕਾਰ ਫੜ ਲਿਆ
ਪਤਾ ਸੀ ਕਿ ਅਜਿਹੀ ਘਟਣਾ ਕਦੇ ਸਦੀਆਂ ਵਿਚ ਹੁੰਦੀ ਏ
ਲੱਖਾਂ ਖ਼ਿਆਲ ਆਏ ਮੱਥੇ ਚ ਝਿਲਮਿਲਾਏ
ਪਰ ਖਲੋਤੀ ਰਹਿ ਗਈ ਕਿ ਏਸ ਨੂੰ ਚੁੱਕ ਕੇ
ਅੱਜ ਆਪਣੇ ਸ਼ਹਿਰ ਵਿਚ ਮੈਂ ਕਿਵੇਂ ਜਾਵਾਂਗੀ
ਮੇਰੇ ਸ਼ਹਿਰ ਦੀ ਹਰ ਗਲੀ ਭੀੜੀ ਏ
ਮੇਰੇ ਸ਼ਹਿਰ ਦੀ ਹਰ ਛੱਤ ਨੀਵੀਂ ਏ
ਮੇਰੇ ਸ਼ਹਿਰ ਦੀ ਹਰ ਕੰਦ ਚੁਗ਼ਲੀ ਏ
ਮੈਂ ਸੋਚਿਆ
ਜੇ ਤੂੰ ਕਿਤੇ ਲੱਭੇਂ ਤਾਂ ਸਮੁੰਦਰ ਦੀ ਤਰ੍ਹਾਂ
ਤੈਨੂੰ ਛਾਤੀ ਤੇ ਰੱਖ ਕੇ
ਅਸੀਂ ਦੋ ਕਿਨਾਰਿਆਂ ਦੀ ਤਰ੍ਹਾਂ ਹੱਸ ਸਕਦੇ ਸਾਂ
ਤੇ ਨੀਵੀਆਂ ਛੱਤਾਂ ਤੇ ਭੀੜੀਆਂ ਗਲੀਆਂ ਦੇ ਸ਼ਹਿਰ ਵਿਚ
ਵੱਸ ਸਕਦੇ ਸਾਂ
ਪਰ ਸਾਰੀ ਦੋਪਹਿਰ ਤੈਨੂੰ ਲੱਭਦਿਆਂ ਬੀਤੀ
ਤੇ ਆਪਣੀ ਅੱਗ ਦਾ ਮੈਂ ਆਪੇ ਹੀ ਘੁਟ ਪੀਤਾ
ਮੈਂ ਇੱਕ ਕਲਾ ਕਿਨਾਰਾ ਕਿਨਾਰੇ ਨੂੰ ਖੋਰ ਦਿੱਤਾ
ਤੇ ਦਿੰਹ ਲੈਣ ਵੇਲੇ
ਸਮੁੰਦਰ ਦਾ ਤੂਫ਼ਾਨ ਸਮੁੰਦਰ ਨੂੰ ਮੋੜ ਦਿੱਤਾ
ਹੁਣ ਰਾਤ ਪੈਣ ਲੱਗੀ ਤਾਂ ਤੂੰ ਮਿਲਿਆ ਏਂ
ਤੂੰ ਵੀ ਉਦਾਸ ਚੁੱਪ ਸ਼ਾਂਤ ਤੇ ਅਡੋਲ
ਮੈਂ ਵੀ ਉਦਾਸ ਚੁੱਪ ਸ਼ਾਂਤ ਤੇ ਅਡੋਲ
ਸਿਰਫ਼ ਦੂਰ ਵਗਦੇ ਸਮੁੰਦਰ ਦੇ ਵਿਚ ਤੂਫ਼ਾਨ ਏ