ਰਾਹੀਆ ਰਾਹ ਰਾਹ ਜਾਂਦਿਆ

ਰਾਹੀਆ ਰਾਹ ਰਾਹ ਜਾਂਦਿਆ ਕੀ ਕੀ ਦਿਆਂ ਸੁਣਾ
ਓਏ ਕਹਾਣੀ ਦੇਸ ਪੰਜਾਬ ਦੀ ਪੱਥਰ ਦੇ ਰੁਵਾ
ਕੀ ਕੀ ਗਾਵਾਂ ਗੀਤ ਵੇ ਕੀਕਣ ਵੱਜਣ ਸਾਜ਼
ਨੈਣ ਨਾ ਜਿੱਥੇ ਪਹੁੰਚਦੇ ਆਵੇ ਓਥੋਂ ਵਾਜ
ਮੈਂ ਤੱਤੀ ਧੀ ਪੰਜਾਬ ਦੀ ਮੇਰੇ ਫੁੱਟੇ ਵੇਖ ਨਸੀਬ
ਕੀਕਣ ਦੱਸਾਂ ਖੋਲ ਕੇ ਟੁਕੀ ਗਈ ਮੇਰੀ ਜੀਬ
ਜੁੜੇ ਹੋਏ ਮੇਰੇ ਹੱਥ ਵੇ ਜੁੜੇ ਹੋਏ ਮੇਰੇ ਪੈਰ
ਕਿਹਾ ਕੁ ਡਿੱਗਾ ਜ਼ੁਲਮ ਵੇ ਕਿਹਾ ਕੁ ਡਿੱਗਾ ਕਹਿਰ
ਮੱਥੇ ਓਤੇ ਲੇਖ ਵੇ ਸ਼ੌਕਣ ਕਾਲੇ ਨਾਗ
ਮੈਂ ਸੋਹਣੀ ਪੰਜ ਦਰਿਆਂ ਦੀ ਵੇਖ ਤੱਤੀ ਦੇ ਭਾਗ
ਕਿਸਮਤ ਮੇਰੀ ਸੌਂ ਗਈ ਜਾਗੇ ਕੁਲ ਜਹਾਂ
ਮੈਂ ਜਾਨਾਂ ਮੇਰਾ ਰੱਬ ਵੇ ਮੈਂ ਜਾਨਾਂ ਮੇਰਾ ਈਮਾਨ
ਪਾੜਾਂ ਸੂਹੀਆਂ ਚੋਲੀਆਂ ਖੋਲਾਂ ਬਾਜ਼ੂ ਬੰਦ
ਮੈਂ ਭੁਜਾਂ ਟੁੱਟਾਂ ਠੇਕਰੀਂ ਹੋਵਾਂ ਤੰਦੋ ਤੇਜ਼
ਹੋਵਾਂ ਲੀਰੋ ਲੀਰ ਵੇ ਹੋਵਾਂ ਤਾਰੋ ਤਾਰ
ਆਵੋ ਤੂਫ਼ਾਨੋ ਹੜੋ ਵੇ ਮੈਂ ਡੁੱਬਾਂ ਜਾ ਵਿਚਕਾਰ
ਕੀ ਹੋਇਆ ਜੇ ਦਿੱਸਦੇ ਸਾਬਤ ਇਹ ਕਲਬੂਤ
ਕੀ ਮੈਂ ਜਿਉਂਦੀ ਜਾਗਦੀ ਦਿੱਸੇ ਕੋਈ ਸਬੂਤ
ਉੱਡਦੀ ਉੱਡਦੀ ਆਏ ਵੇ ਪਰਲੇ ਪਾਰੋ ਸੋ
ਜੰਮਣ ਵਾਲੇ ਜੀਵਨ ਦੇ ਪਵੇ ਕੋਈ ਕਨਸੋ


ਰਾਹੀਆ ਰਾਹ ਰਾਹ ਜਾਂਦਿਆ ਸੁਣ ਜਾਈਂ ਮੇਰੀ ਗੱਲ
ਗਿੱਟੇ ਗੋਡੇ ਭੰਨ ਕੇ ਕੀਕਣ ਆਵਾਂ ਚੱਲ
ਕਿੱਥੇ ਮੇਰੀ ਅੰਮੜੀ ਜਿਉਂਨਾਂ ਜਾਈ ਮਾਂ
ਨਾਂ ਚੱਪੂ ਨਾਂ ਬੇੜੀਆਂ ਕਿਕਨ ਤਰਾਂ ਝਨਾਂ
ਕਿੱਥੇ ਅੰਗਣ ਮੋਕਲ਼ਾ ਕਿੱਥੇ ਗੀਟੇ ਗੇਂਦ
ਮੈਂ ਚੜ੍ਹੀ ਚੁਬਾਰੇ ਆਪਣੇ ਕਿਸ ਨੇ ਲਾਈ ਸਿੰਧ
ਕਿੱਥੇ ਗਈਆਂ ਗੁੱਡੀਆਂ ਗਏ ਪਟੋਲੇ ਨਾਲ਼,
ਕਿੱਥੇ ਮਹਿੰਦੀ ਰਾਂਗਲੀ ਕਿੱਥੇ ਸਾਲੂ ਲਾਲ਼
ਕਿਸੇ ਨਾ ਗੁੰਦੀਆਂ ਮੈਂਡੀਆਂ ਕਿਸੇ ਨਾ ਪਾਏ ਫੁੱਲ
ਕਿਸੇ ਨਾ ਪਾਇਆ ਚੌਂਕ ਵੇ ਜ਼ੁਲਫ਼ਾਂ ਗਈਆਂ ਖੁੱਲ
ਕਿਸੇ ਨਾ ਡੋਲੀ ਪਾਈ ਵੇ ਕਿਸੇ ਨਾ ਗਾਏ ਸੁਹਾਗ
ਕਿਸੇ ਨਾ ਗਾਈਆਂ ਘੋੜੀਆਂ ਕਿਸੇ ਨਾ ਮੰਗੇ ਲਾਗ
ਕਿਸੇ ਰੱਬ ਦੇ ਰੂਬਰੂ ਕੀਤਾ ਨਾ ਇਕਰਾਰ
ਕਿਸੇ ਨਾ ਪਾਣੀ ਚਖਿਆ ਮੇਰੇ ਸਿਰ ਤੋਂ ਵਾਰ
ਕਿਸੇ ਨਾ ਖੋਲੀ ਪਤਰੀ ਕਿਸੇ ਨਾ ਕੀਤਾ ਕਾਜ
ਸਿਰ ਬਜ਼ਾਰਾਂ ਰੁਲੀ ਵੇ ਉੱਚੇ ਘਰ ਦੀ ਲਾਜ
ਕਿੱਥੇ ਰਾਣੀ ਮਾਂ ਨੀ ਕਿੱਥੇ ਰਾਜਾ ਬਾਪ
ਮੈਂ ਹਰੀ ਚੰਦ ਦੀ ਨਾਰ ਵੇ ਦਿੱਤਾ ਕਿੰਨ੍ਹੇ ਸਰਾਪ
ਕਿੱਥੇ ਮਾਂ ਦੀ ਜਾਈ ਵੇ ਕਿੱਥੇ ਭੈਣ ਦੇ ਵੀਰ
ਲਹੂ ਮਾਸ ਦੀ ਸਾਂਝ ਵੈ ਕਿਸ ਨੇ ਦਿੱਤੀ ਚੀਰ
ਕਿੱਥੇ ਅੰਗ ਸਹੇਲੀਆਂ ਕਿੱਥੇ ਪਿੰਡ ਗਰਾਂ
ਕੀ ਕੀ ਮੈਨੂੰ ਬੀਤੀਆਂ ਕਿਸ ਨੂੰ ਦੱਸਣ ਜਾਂ
ਅੰਗਾਂ ਨਾਲੋਂ ਅੰਗ ਵੈ ਕਿਸ ਨੇ ਦਿੱਤੇ ਤੋੜ
ਕੱਚੇ ਘੜੇ ਵਿਹਾਜ ਕੇ ਮੈਨੂੰ ਕਿਸ ਨੇ ਦਿੱਤਾ ਰੋਹੜ
ਕਿੱਥੇ ਜੰਮਣ ਵਾਲੜੇ ਕਿੱਥੇ ਸੱਜਣ ਸੈਣ
ਮੈਂ ਤੱਤੀ ਧੀ ਪੰਜਾਬ ਦੀ ਰੋਵਣ ਤੱਤੀ ਦੇ ਨੈਣ
ਜ਼ਿਮੀਂ ਹੋਈ ਦੋ ਫਾੜ ਵੇ ਕਿਸੇ ਨਾ ਮੰਗੀ ਰੁਖ
ਲਹੂਆਂ ਨਾਲ਼ ਲਹੂ ਵੇ ਕਿਸ ਨੇ ਕੀਤੇ ਵੱਖ
ਜ਼ੋਰ ਜ਼ਬਰ ਦੀ ਹੱਦ ਵੇ ਉਤਾਂ ਦੀ ਭਰਮਾਰ
ਏਥੇ ਵਿਕਿਆ ਧਰਮ ਈਮਾਨ ਏਥੇ ਵਿਕੀ ਦੇਸ ਦੀ ਨਾਰ