ਦੇਸ ਮੇਰਾ ਪੰਜਾਬ ਨੀ ਹੋਰ ਵੱਸੇ ਕੁਲ ਜਹਾਨ
ਗੱਭਰੂ ਮੇਰੇ ਦੇਸ ਦਾ ਬਾਂਕਾ ਛੇਲ ਜਵਾਨ
ਹੱਲ ਪੰਜਾਬੀ ਏਸ ਦੀ ਦੇਵੇ ਖੇਤ ਖਲ੍ਹਾਰ
ਮਿਹਨਤ ਏਸ ਜਵਾਨ ਦੀ ਸੋਨਾ ਦੇ ਪਸਾਰ
ਖੇਤ ਜੋ ਗੋਡੇ ਖੇਤ ਜੋ ਬੀਜੇ ਲੈ ਬੋਹਲ਼ ਹੁਣ ਲਾ
ਚੇਤ ਚੜ੍ਹੇਂਦੇ ਰੁੱਤਾਂ ਫਿਰੀਆਂ ਨਵੀਂ ਰੁੱਤ ਦਾ ਚਾ

ਬੇਲੀਆ ਨਵੀਂ ਰੁੱਤ ਦਾ ਚਾ

ਨੱਢੀ ਦੇਸ ਪੰਜਾਬ ਦੀ ਹੀਰਾਂ ਵਿਚੋਂ ਹੀਰ
ਜਿਉਂ ਕੋਈ ਸੋਹਣੀ ਮਿਰਗਣੀ ਜੰਗਲ਼ ਬੇਲੇ ਚੀਰ
ਪਾਲੇ ਲੱਗੀ ਧੁਰਾਂ ਦੀ ਜਿੰਦੜੀ ਦੇਵੇ ਘੋਲ਼
ਹਰਫ਼ ਬੋਲਦੀ ਹੱਕ ਦਾ ਮੂੰਹੋਂ ਦੇਂਦੀ ਕੋਲ
ਨਵੀਂ ਕਣਕ ਦੀ ਰੋਟੀ ਲਾਵਾਂ ਰੁਗ ਮਲਾਈ ਦਾ
ਬੂਰੀ ਮਹੀਂਆ ਦਾ ਦੁੱਧ ਚੁਆਵਾਂ ਸ਼ਕਰ ਦੇਵਾਂ ਪਾ

ਬੇਲੀਆ ਸ਼ਕਰ ਦੇਵਾਂ ਪਾ

ਦੇਸ ਮੇਰਾ ਪੰਜਾਬ ਨੀ ਹੋਰ ਵੱਸੇ ਕੁਲ ਜਹਾਨ
ਗੱਭਰੂ ਮੇਰੇ ਦੇਸ ਦਾ ਬਾਂਕਾ ਛੇਲ ਜਵਾਨ
ਸਿਰ ਤੇ ਚੀਰਾ ਰਾਂਗਲਾ ਕੁੜਤਾ ਨਵਾਂ ਸਿਵਾ
ਮੋਢੇ ਚਾਦਰ ਖੜਕਦੀ ਮੇਲ਼ਾ ਲਵੇ ਮਨਾ
ਰੁੱਤ ਬਸੰਤੀ ਉਤੋਂ ਵੇਲ਼ਾ ਭਰੀ ਜਵਾਨੀ ਦਾ
ਸਾਲ ਸੋਹਣਾ ਸ਼ੀਤਰ ਲੱਗਿਆ ਗਈ ਵਿਸਾਖੀ ਆ

ਬੇਲੀਆ ਗਈ ਵਿਸਾਖੀ ਆ

ਹਵਾਲਾ: ਨਵੇਂ ਰੁੱਤ; ( ਹਵਾਲਾ ਵੇਖੋ )