ਧੀ ਦਾ ਵੈਣ

ਜਿਸ ਰਾਤੀਂ ਮੈਂ ਜੀਵਨ ਜੋਗੇ
ਏਸ ਪਿੰਡੇ ਵਿਚ ਆਈ
ਨਾੜੂ ਦੱਬ ਕੇ ਸਾਹ ਦਿੱਤਾ ਯਾ
ਜਿਉਂਦੀ ਕਬਰ ਬਣਾਈ

ਕੌੜੇ ਸ਼ਹਿਦ ਦੀ ਗੁੜਤੀ ਚੱਖ ਕੇ
ਚੀਕ ਨੂੰ ਜੀਭ ਤੇ ਸੀਤਾ
ਜਨਮ ਜਨਮ ਦਾ ਮੈਲਾ ਪਾਣੀ
ਅੱਖ ਨਿਚੋੜ ਕੇ ਪੀਤਾ

ਮਾਂ ਨੇ ਮੈਨੂੰ ਛਾਤੀ ਲਾ ਕੇ
ਲੂਣੀ ਰੱਤ ਚੁੰਘਾਈ
ਪਿਓ ਨੇ ਮੇਰਾ ਮੱਥਾ ਚੁੰਮਿਆ
ਪੈਰੀਂ ਸੰਗਲੀ ਪਾਈ

ਦਾਦੀ ਠੰਡਾ ਹੌਕਾ ਭਰਿਆ
ਦਾਦੇ ਧੌਣ ਝੁਕਾਈ
ਘਰ ਦੀਆਂ ਕੰਧਾਂ ਉੱਚੀਆਂ ਕੀਤੀਆਂ
ਨੀਵੀਂ ਛੱਤ ਬਣਾਈ

ਕੱਦ ਕੱਢਿਆ ਤੇ ਕੁੱਬੜੀ ਹੋ ਗਈ
ਤਾਂ ਨੀਵੀਂ ਅਖਵਾਈ
ਚੌਂਹ ਪੰਜਿਆਂ ਤੇ ਟੁਰਨਾ ਸਿੱਖਿਆ
ਮੈਨੂੰ ਸੁਰਤ ਨਾ ਆਈ

ਨਾ ਮੈਂ ਅੱਖ ਵਿਚ ਕਜਲਾ ਪਾਇਆ
ਨਾ ਮੈਂ ਗੁੱਤ ਲਮਕਾਈ
ਨਾ ਮੈਂ ਲੁਕ ਲੁਕ ਸ਼ੀਸ਼ਾ ਤੱਕਿਆ
ਨਾ ਕਿਤੇ ਝਾਤੀ ਪਾਈ

ਅੱਖ ਚੁੱਕਣ ਦੀ ਵਹਿਲ ਨਈਂ ਸੀ
ਸੁਫਨੇ ਕਿਸਰਾਂ ਉਣਦੀ
ਜੇ ਬੋਲਣ ਦੀ ਜਾਹ ਹੁੰਦੀ
ਤੇਰੇ ਜ਼ੁਲਮ ਦੀ ਖੇਡ ਨੂੰ ਪੁਣਦੀ

ਰੱਬਾ ਜੇ ਤੂੰ ਧੀ ਹੁੰਦੋਂ
ਕਦੇ 'ਵਾਜ ਨਾ ਲਾਉਂਦਾ ਕੁੰਨ ਦੀ