ਅੰਨ੍ਹੀ ਪਰ੍ਹੀਆ ਹੱਥੀਂ ਕਾਣੀ ਸੋਟੀ ਏ

ਅੰਨ੍ਹੀ ਪਰ੍ਹੀਆ ਹੱਥੀਂ ਕਾਣੀ ਸੋਟੀ ਏ
ਤਾਂ ਮਾੜੇ ਦੀ ਵੱਡੀ ਗੱਲ ਵੀ ਛੋਟੀ ਏ

ਗੋਲ ਘਤੀਰਾ ਵਾਹ ਕੇ ਮਾਸਟਰ ਪੁੱਛਿਆ ਤੇ
ਭੁੱਖੀਆਂ ਬਾਲਾਂ ਉਠ ਕੇ ਆਖਿਆ ਰੋਟੀ ਏ

ਡੱਕਰੇ ਕਰ ਲਾਂ ਬਖ਼ਤਾ ਤੇਰੇ ਹਿਰਦੇ ਦੇ
ਇੱਲਾਂ ਦੇ ਮੂੰਹ ਇਨਸਾਨਾਂ ਦੀ ਬੂਟੀ ਏ

ਸ਼ਾਹਵਾਂ ਨੂੰ ਮਰਵਾ ਦੇਣਾ ਐਂ ਗੋਲੇ ਤੋਂ
ਵੈਲੀਆ ਤੇਰੇ ਕੋਲ਼ ਅਨੋਖੀ ਗੋਟੀ ਏ

ਲੇਖਾਂ ਦਾ ਕੀ ਵੇਰਵਾ ਅੰਜੁਮ ਦੱਸਾਂ ਮੈਂ
ਸੋਹਣੀਆਂ ਸ਼ਕਲਾਂ ਦੀ ਜੋ ਕਿਸਮਤ ਖੋਟੀ ਏ