ਸਭ ਨੇ ਆਪਣੀ ਹੰਝੂ ਮਾਲ਼ਾ ਕਲਮ ਲੁਕੀਆਂ ਜਪਨੀ ਏ

ਸਭ ਨੇ ਆਪਣੀ ਹੰਝੂ ਮਾਲ਼ਾ ਕਲਮ ਲੁਕੀਆਂ ਜਪਨੀ ਏ
ਕੰਧਾਂ ਭਾਂਵੇਂ ਸਾਂਝੀਆਂ ਹੋਵਣ ਪੀੜ ਆਪੋ ਆਪਣੀ ਏ

ਅੰਦਰ ਬਾਹਰ ਖ਼ੌਫ਼ ਦੁਵੱਲੀ ਏਸ ਸਮੇ ਨੇ ਦਿੱਤੇ ਨੇਂ
ਬੂਹੇ ਬੂਹੇ ਬੈਠੀ ਹੋਈ ਇੱਕ ਦੋ ਮੂੰਹੀ ਸੱਪਣੀ ਏ

ਕੁਦਰਤ ਦਾ ਵੀ ਬੰਦਿਆਂ ਦੇ ਨਾਲ਼ ਮਾਂਵਾਂ ਵਾਲਾ ਲੇਖਾਂ ਏ
ਕੁੱਛੜ ਚਾਹੜ ਕਿਸੇ ਨੂੰ ਚੁਮਨਾਏ ਚੁੰਡ ਕਿਸੇ ਨੂੰ ਥੱਪਨੀ ਏ

ਬਚਪਨ ਮੁੜ ਮੁੜ ਚੇਤੇ ਆਉਂਦਾ ਏ ਦੌਰ ਕੌਲੀਆਂ ਅੜੀਆਂ ਦਾ
ਮੰਜੀ ਪਈ ਬੇ ਦੂਣੀ ਹੋਵੇ, ਬਾਲਾਂ ਰੱਸੀ ਟਿੱਪਣੀ ਏ

ਬੈਠਕ ਦੇ ਨਾ ਪਰਦੇ ਦੇਖੀਂ ਵੇਖ ਬਾਵਰਚੀ ਖ਼ਾਨੇ ਨੂੰ
ਕਿਹੜੀ ਹਾਂਡੀ ਉੱਤੇ ਛੋਨਾਏ ਕਿਹੜੇ ਘੜੇ ਤੇ ਚੱਪਣੀ ਏ

ਪੱਕੀਆਂ ਪਾਕੇ ਬਹਿਣਾ ਨਈਂ ਰਹਿਣਾ ਉਸ ਬਾਗੇ ਵਿਚ ਲੋਕਾਂ ਨੇ
ਜਿਸ ਨੇ ਆਨ ਵਿਛਾਈ ਇਥੇ ਓੜਕ ਚਾਦਰ ਠੱਪਣੀ ਏ

ਅਨਵਰ ਪੱਲੇ ਪਾਈਂ ਆਪਣੇ ਠੰਡ ਸਿਆਣਿਆਂ ਅਮਲਾਂ ਦੀ
ਭੁੱਲਣੀ ਜਾਈਂ ਇੱਕ ਦਿਨ ਧਰਤੀ ਤਾਂਬੇ ਵਾਂਗੂੰ ਤਪਨੀ ਏ

ਹਵਾਲਾ: ਹੁਣ ਕੀ ਕਰੀਏ, ਅਨਵਰ ਮਸਊਦ; ਦੋਸਤ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 52 ( ਹਵਾਲਾ ਵੇਖੋ )