ਆਪਣੀ ਸੋਚ ਉਧੇੜ ਕੇ ਨਵੀਆਂ ਫ਼ਿਕਰਾਂ ਵੱਟਦਾ ਜਾਰਿਆ ਸੀ

ਆਪਣੀ ਸੋਚ ਉਧੇੜ ਕੇ ਨਵੀਆਂ ਫ਼ਿਕਰਾਂ ਵੱਟਦਾ ਜਾਰਿਆ ਸੀ
ਕਿਸੇ ਪੁਰਾਣੀ ਚੱਦਰ ਵਾਂਗੂੰ ਆਪੇ ਫੁੱਟਦਾ ਜਾਰਿਆ ਸੀ

ਤੱਕੋ ਤੱਕਦਿਆਂ ਇੱਕ ਇੱਕ ਕਰਕੇ ਸਾਰੀਆਂ ਕਰਨਾਂ ਬੁਝ ਗਈਆਂ
ਇੰਜ ਲਗਦਾ ਸੀ ਜਿਵੇਂ ਹਨੇਰਾ ਚਾਨਣ ਚਿੱਟ ਦਾ ਜਾਰਿਆ ਸੀ

ਪੈਰਾਂ ਦੇ ਵਿਚ ਥਲ ਨੇ ਤੱਤੀ ਰੇਤ ਨੂੰ ਭਾਂਬੜ ਲਾ ਦਿੱਤਾ
ਸਿਰ ਦੇ ਉੱਤੋਂ ਬੱਦਲ਼ ਦਾ ਟੋਟਾ ਵੀ ਹਟਦਾ ਜਾਰਿਆ ਸੀ

ਜਿਵੇਂ ਉਸ ਨੂੰ ਲੱਭਣ ਲਈ ਵੀ ਕਿਸੇ ਨੇ ਪਿੱਛੇ ਆਨਾ ਸੀ
ਆਪਣੇ ਪਿੱਛੇ ਕੰਗਣੀ ਦਾ ਇਕ ਛਿੱਟਾ ਸੁੱਟਦਾ ਜਾਰਿਆ ਸੀ

ਪਹਿਲੇ ਰੋਗ ਨੇ ਫੁੱਲ ਮੁਖੜੇ ਨੂੰ ਪੂਣੀ ਵਰਗਾ ਕਰ ਦਿੱਤਾ
ਉਹ ਕਿਹੋ ਜਯੇਹ ਚੰਨ ਸੀ ਜਿਹੜਾ ਚੜ੍ਹ ਕੇ ਘਟਦਾ ਜਾਰਿਆ ਸੀ