ਸ਼ਾਮ ਪਈ ਤੇ ਰਾਤਾਂ ਆਪਣੇ ਘੁੰਢ ਉਤਾਰਨ ਲੱਗੀਆਂ

ਸ਼ਾਮ ਪਈ ਤੇ ਰਾਤਾਂ ਆਪਣੇ ਘੁੰਢ ਉਤਾਰਨ ਲੱਗੀਆਂ
ਨਿਥਰੇ ਹੋਏ ਹਨੇਰੇ ਵਿਚੋਂ ਲਾਟਾਂ ਮਾਰਨ ਲੱਗੀਆਂ

ਜੂਹਾਂ ਵਿਚੋਂ ਪੰਛੀ ਆਪਣੇ ਆਹਲਣਿਆਂ ਨੂੰ ਆਏ
ਫੁੱਲਾਂ ਵਿਚ ਖ਼ੁਸ਼ਬੂਆਂ ਲੁਕ ਕੇ ਬੂਹੇ ਮਾਰਨ ਲੱਗੀਆਂ

ਸਿਆਲ਼ ਸਮੇ ਦਾ ਕੋਰਾ ਮੁੱਕਿਆ, ਵਾਅ ਫੱਗਣ ਦੀ ਝੱਲੀ
ਹਰ ਬੂਟੇ ਦੀਆਂ ਸ਼ਾਖ਼ਾਂ ਅਪਣਾ ਆਪ ਸੰਵਾਰਨ ਲੱਗੀਆਂ

ਤਪਦੇ ਥਲ ਦੇ ਕਾਲਜ ਵਿਚੋਂ ਆਉਣ ਵਾਲੀਆਂ ਕੁੜੀਆਂ
ਕੋਮਲ ਪੈਰ ਕਨਹਾਰ ਚ ਪਾਕੇ ਚੀਕਾਂ ਮਾਰਨ ਲੱਗੀਆਂ

ਕਿਲ੍ਹਾ ਬਹਿ ਕੇ ਸੋਚਾਂ ਫ਼ਿਰ ਵੀ ਨਕਸ਼ ਨਈਂ ਚੇਤੇ ਆਉਂਦੇ
ਹੁਣ ਤੇ ਮੇਰੀਆਂ ਸੋਚਾਂ ਤੈਨੂੰ ਇੰਝ ਵਿਸਾਰਨ ਲੱਗੀਆਂ

ਅੱਖਾਂ ਦੀ ਹੁਣ ਬੁੱਕਲ਼ ਵਿੱਚੋਂ ਨਿੰਦਰ ਚੋਰੀ ਹੋਸੀ
ਧਰਤੀ ਉਤੇ ਚਾਨਣੀਆਂ ਫ਼ਿਰ ਪੈਰ ਪਸਾਰਨ ਲੱਗੀਆਂ