ਮੋੜਨ ਵਾਲੇ ਬੇਲੀ ਮੁੱਖ ਤੂਫ਼ਾਨਾਂ ਦੇ

ਮੋੜਨ ਵਾਲੇ ਬੇਲੀ ਮੁੱਖ ਤੂਫ਼ਾਨਾਂ ਦੇ
ਹੁੰਦੇ ਨਹੀਂ ਸ਼ੈਦਾਈ ਝੂਠੀਆਂ ਸ਼ਾਨਾਂ ਦੇ

ਸੋਚ ਸਮਝ ਕੇ ਆਖੀਂ, ਜੋ ਕੁਝ ਕਹਿਣਾ ਏਂ
ਮੁੜ ਵਾਪਸ ਨਹੀਂ ਆਉਂਦੇ ਤੀਰ ਕਮਾਨਾਂ ਦੇ

ਕੋਈ ਨਾ ਪੁੱਛੇ ਹਾਲ ਗ਼ਰੀਬ ਨਿਮਾਣੇ ਦਾ
ਖ਼ਾਨ ਪਰਾਹੁਣੇ ਹੁੰਦੇ ਏਥੇ ਖ਼ਾਨਾਂ ਦੇ

ਸ਼ਮਲਾ ਉੱਚਾ ਹੁੰਦਾ ਅਣਖਾਂ ਵਾਲਿਆਂ ਦਾ
ਸ਼ੀਸ਼ ਕਦੀ ਨਹੀਂ ਝੁਕਦੇ ਸ਼ੇਰ-ਜਵਾਨਾਂ ਦੇ

ਬਸਤੀ-ਬਸਤੀ ਖ਼ੂਨ ਦੇ ਛੱਪੜ ਲੱਗੇ ਨੇ
ਰੰਗ ਬਦਲਦੇ ਕਿਉਂ ਨਾ ਅੱਜ ਅਸਮਾਨਾਂ ਦੇ ?

ਦੁੱਖ ਰਹੀਲ ਕਿਸੇ ਦਾ ਕੋਈ ਵੰਡਦਾ ਨਾ
ਦਿਲ ਕਿਉਂ ਪੱਥਰ ਹੋ ਗਏ ਨੇ ਇਨਸਾਨਾਂ ਦੇ ?