ਸੋਚਾਂ ਉੱਤੇ ਪਹਿਰੇ ਲਾਏ ਲੋਕਾਂ ਨੇ

ਸੋਚਾਂ ਉੱਤੇ ਪਹਿਰੇ ਲਾਏ ਲੋਕਾਂ ਨੇ
ਚਾਰ-ਚੁਫ਼ੇਰੇ ਜਾਲ ਵਿਛਾਏ ਲੋਕਾਂ ਨੇ

ਇਕ ਦੂਜੇ ਤੋਂ ਆਪਣੇ ਐਬ ਲੁਕਾਵਣ ਲਈ
ਵੰਨ-ਸਵੰਨੇ ਭੇਸ ਵਟਾਏ ਲੋਕਾਂ ਨੇ

ਲੁੱਟ ਕੇ ਸੋਹਣੇ ਹਰਿਆਂ ਭਰਿਆਂ ਬਾਗ਼ਾਂ ਨੂੰ
ਸੇਜਾਂ ਉੱਤੇ ਫੁੱਲ ਸਜਾਏ ਲੋਕਾਂ ਨੇ

ਜ਼ਾਲਮ ਅੱਗੇ ਜੋੜ ਕੇ ਹੱਥ ਖਲੋਂਦੇ ਨੇ
ਮਾੜਿਆਂ ਉੱਤੇ ਜ਼ੁਲਮ ਕਮਾਏ ਲੋਕਾਂ ਨੇ

ਚੜ੍ਹਦੇ ਸੂਰਜ ਨੂੰ ਤੇ ਪੂਜੇ ਹਰ ਕੋਈ
ਡੁੱਬਿਆ ਸੂਰਜ ਨੈਣ ਚੁਰਾਏ ਲੋਕਾਂ ਨੇ

ਨਾਲ ਬੇਦਰਦੀ ਦਿਲ ਮੰਦਰ ਨੂੰ ਢਾਅ ਕੇ ਤੇ
ਉੱਚੇ-ਉੱਚੇ ਮਹਿਲ ਬਣਾਏ ਲੋਕਾਂ ਨੇ

ਹੀਰੇ ਲੱਭਣ ਤੁਰਿਆ ਪੱਥਰ ਮਿਲੇ ਰਹੀਲ'
ਪੁੱਠੇ ਸਿੱਧੇ ਰਾਹ ਦਿਖਾਏ ਲੋਕਾਂ ਨੇ