ਸਾਡੀ ਵਸਤੀ

ਸਾਡੀ ਵਸਤੀ ਕੁੱਝ ਅਰਸੇ ਤੋਂ ਇੰਜ ਦਾ ਪਿਆ ਹਨ੍ਹੇਰ
ਅੱਕਾਂ ਅਤੇ ਅੰਬ ਲਗਦੇ ਨੇਂ ਕਿੱਕਰਾਂ ਅਤੇ ਬੇਰ
ਸਾਡੀ ਵਸਤੀ ਕੁੱਝ ਅਰਸੇ ਤੋਂ
ਲਿਪ ਸੀ ਜਿਹੜੇ ਟੋਪੇ ਬਣ ਗਏ ਟੋਪੇ ਹੋ ਗਏ ਮਨ
ਜਿਥੇ ਬੋਹੜੀਂ ਉੱਗਣਾ ਹੈ ਸੀ ਓਥੇ ਜਮ ਪਏ ਵੰਨ
ਸਾਡੀ ਵਸਤੀ ਕੁੱਝ ਅਰਸੇ ਤੋਂ
ਕਨਧੋਂ ਪਾਰ ਏ ਮਈਅਤ ਹੁੰਦੀ ਉਰਲੇ ਪਾਸੇ ਜੰਝ
ਇਕ ਪਾਸੇ ਨੇਂ ਹਾਸੇ ਡੁੱਲਦੇ ਦੂਜੇ ਪਾਸੇ ਹਿੰਝ
ਸਾਡੀ ਵਸਤੀ ਕੁੱਝ ਅਰਸੇ ਤੋਂ
ਯਾਰਾਂ ਦੇ ਇਤਬਾਰ ਨੂੰ ਖਾ ਗਈ ਖ਼ੁਦਗ਼ਰਜ਼ੀ ਦੀ ਵਿੱਥ
ਜਿਹੜਾ ਜਹਿੰਦੇ ਕਾਬੂ ਚੜ੍ਹਿਆ ਉਸੇ ਲੈਣਾ ਚਿੱਥ
ਸਾਡੀ ਵਸਤੀ ਕੁੱਝ ਅਰਸੇ ਤੋਂ
ਚਿੱਟੇ ਦਿਨ ਵਿਚ ਘੁੱਪ ਹਨੀਹਰਾ, ਰਾਤੀਂ ਨਿਕਲੇ ਧੁੱਪ
ਸਾਡੇ ਗੀਤ ਵੀ ਵੀਂਆਂ ਵਰਗੇ ਡਰਦਿਆਂ ਵੱਟ ਲਈ ਚੁੱਪ
ਸਾਡੀ ਵਸਤੀ ਕੁੱਝ ਅਰਸੇ ਤੋਂ
ਜਿਥੇ ਢੇਰ ਭਰੋਸਾ ਕਰੀਏ ਓਥੋਂ ਵੱਜੇ ਡੰਗ
ਨੁੱਕਰੇ ਲੱਗ ਕੇ ਵੇਖੀ ਜਾਨਾਂ ਬਿਰੰਗੀ ਦੇ ਰੰਗ