ਆਵੇ ਵਤਨ ਪਿਆਰਾ ਚੇਤੇ

ਮੰਨ ਲਈ ਜੋ ਕਰਦਾ ਰੱਬ ਪਾਕਿ ਐ ।
ਆਉਂਦੀ ਯਾਦ ਵਤਨ ਦੀ ਖ਼ਾਕ ਐ ।
ਟੁੱਟ ਫੁੱਟ ਟੁਕੜੇ ਬਣ ਗਏ ਦਿਲ ਦੇ ।
ਹਾਏ ! ਮੈਂ ਭੁੱਜ ਗਿਆ ਵਾਂਗੂੰ ਖਿੱਲ ਦੇ ।
ਭੜਥਾ ਬਣ ਗਈ ਦੇਹੀ ਐ ।
ਵਿਛੜੇ ਯਾਰ ਪਿਆਰੇ, ਬਣੀ ਮੁਸੀਬਤ ਕੇਹੀ ਐ ?

ਜਾਂਦੇ ਲੋਕ ਨਗਰ ਦੇ ਰਸ ਬੂ ।
ਪਿੰਡ ਦੀ ਪਾਉਣ ਫੁੱਲਾਂ ਦੀ ਖ਼ਸ਼ਬੂ ।
ਹੋ ਗਿਆ ਜਿਗਰ ਫਾੜੀਉਂ-ਫਾੜੀ ।
ਵੱਢਦੀ ਚੱਕ ਚਿੰਤਾ ਬਘਿਆੜੀ,
ਹੱਡੀਆਂ ਸਿੱਟੀਆਂ ਚੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਸੋਹਣੀਏ 'ਸਾਹੋ' ਪਿੰਡ ਦੀਏ ਵੀਹੇ ।
ਬਚਪਨ ਦੇ ਵਿਚ ਪੜ੍ਹੇ 'ਬੰਬੀਹੇ' ।
ਚੂਰੀ ਖੁਆ ਮਾਂ ਪਾਤੇ ਰਸਤੇ ।
ਚੱਕ ਲਏ ਕਲਮ ਦਵਾਤਾਂ ਬਸਤੇ ।
ਸ਼ੇਰ, ਨਿਰੰਜਣ, ਮਹਿੰਗੇ ਨੇ ।
ਭੁਲਦੀਆਂ ਨਾ ਭਰਜਾਈਆਂ, ਪਾਈਆਂ ਘੁੰਬਰਾਂ ਲਹਿੰਗੇ ਨੇ ।

ਪੰਜ ਪਾਸ ਕਰਕੇ ਤੁਰ ਗਏ ਮੋਗੇ ।
ਮਾਪਿਆਂ ਜਿਉਂਦਿਆਂ ਤੋਂ ਸੁਖ ਭੋਗੇ ।
ਪੈਸੇ ਖਾ ਮਠਿਆਈਆਂ ਬਚਦੇ ।
ਵੇਂਹਦੇ ਸ਼ਹਿਰ ਸੜਕ ਪਰ ਨਚਦੇ,
ਠੁੰਮ੍ਹ ਠੁੰਮ੍ਹ ਚਕਦੇ ਪੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਕਰ ਐਂਟਰੈਂਸ ਪਾਸ ਸਕੂਲੋਂ ।
ਓਵਰਸੀਅਰ ਬਣੇਂ ਰਸੂਲੋਂ ।
ਜ਼ਿਲੇ ਪਸ਼ੌਰ ਨਹਿਰ ਵਿੱਚ ਭਰਤੀ ।
ਦੌਲਤ ਪਾਣੀ ਵਾਂਗੂੰ ਵਰਤੀ ।
ਬਹੁਤ ਬਹਾਰਾਂ ਮਾਣੀਆਂ ।
ਸੁਰਖ਼ ਮਖ਼ਮਲਾਂ ਵਰਗੇ, ਫਿਰਨ ਪਠਾਣ ਪਠਾਣੀਆਂ ।

ਬਦਲੇ ਜਗਰਾਵਾਂ ਕੋਲੇ 'ਖਾੜੇ' ।
ਵਰ੍ਹਦੀਆਂ ਕਣੀਆਂ ਰੂਪ ਦੀਆਂ 'ਤਿਹਾੜੇ' ।
ਅਫ਼ਲਾਤੂਨ ਵਰਗੀਆਂ ਅਕਲਾਂ ।
ਗੱਭਰੂ ਮੁਟਿਆਰਾਂ ਪਰ ਸ਼ਕਲਾਂ,
ਸੋਹਣੀ ਬਣ ਗਈ ਛੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਜਬ ਜੰਗ ਕਰਦੇ ਬਿਰਟਸ਼-ਜਰਮਣ ।
'ਬਸਰੇ' ਵਗ ਗਿਆ ਮਾਂ ਦਾ ਸਰਬਣ ।
ਮੁਲਕ ਉਹ ਕੋਹਾਂ ਕਾਫ਼ਾਂ ਤੋਂ ਨੇੜੇ ।
ਮਾਰੇ ਸਬਜ਼ ਸ਼ਹਿਰ ਵੱਲ ਗੇੜੇ,
ਵਹਾਂ ਟਿਕਾਣੇ ਪਰੀਆਂ ਦੇ ।
ਅਜਬ ਨਜਾਰੇ ਦੇਖੇ, ਰੱਬ ਦੀਆਂ ਕਾਰਾਗਰੀਆਂ ਦੇ ।

ਮੁੜ ਪਿਆ ਵੇਖਣ ਪਿੰਡ ਦੀਆਂ ਗਲੀਆਂ ।
ਪਿੰਡ ਦੀਆਂ ਮਿੱਟੀਆਂ, ਖੰਡ ਦੀਆਂ ਡਲੀਆਂ ।
ਬਾਂਕੇ ਗੱਭਰੂ ਦਿਲ ਨੂੰ ਮੋਹਣੇ ।
ਬਿਲਡਿੰਗ ਨਿਊਯਾਰਕ ਤੋਂ ਸੋਹਣੇ,
ਰਹੇ ਚੁਬਾਰੇ ਫੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਮੁਕਤਸਰ, ਢਿੱਪਾਂ ਵਾਲੀ, ਮਹਾਂ ਵੱਧਰ ।
ਨੀਤਾਂ ਸਾਫ਼, ਦਿਲਾਂ ਦੇ ਪੱਧਰ ।
ਲੋਗ ਐ ਇਨ ਨਗਰਾਂ ਦੇ ਦਾਤੇ ।
ਮਾਘੀ ਨ੍ਹਾਉਣ 'ਤੇ ਬੋਹਲ ਲੁਟਾ ਤੇ ।
ਦਾਣੇ ਪੀਹਣ ਮਸ਼ੀਨਾਂ ਤੇ ।
ਬਚੜੇ ਜਿਉਣ ਸਦਾ ਸੁਖ ਮਾਣਨ, ਬਣ ਗਿਆ ਸੁਰਗ ਜ਼ਮੀਨਾਂ ਤੇ ।

ਖ਼ੁਸ਼ੀਆਂ ਕਰਨ ਦੀਵਾਨ ਲਗਾਉਂਦੇ ।
ਸੈਣੇ ਵਜਦੇ ਸ਼ਬਦ ਸੁਣਾਉਂਦੇ ।
ਆਉਂਦੇ ਪਰਚਾਰਕ ਤੇ ਢਾਡੀ,
ਤੜਕੇ ਉੱਠ ਕੇ ਧੋਂਦੇ ਬਾਡੀ,
ਸ਼ਾਇਰ ਸੁਣਾਉਂਦੇ ਕਬਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਆ ਗਏ ਬਦਲ ਮੁਕਤਸਰੋਂ 'ਢਹਿਪਈ' ।
ਬਾਗ਼ੀਂ ਬੁਲਬੁਲ ਕਰੇ ਚਹਿਚਹਿ ਪਈ ।
ਵੇਖੇ ਕੋਟ ਫ਼ਰੀਦ ਦੁਸਹਿਰੇ ।
ਹੋਵਣ ਲਗਦੇ ਫ਼ੈਰ ਦੁਪਹਿਰੇ,
ਤੋਪਚੀ ਤੋਪ ਚਲਾਵਣ ਜੀ ।
ਪਾਪ ਕਰਿਉ ਨਾ, ਪਾਪੀ, ਹਰ ਸਾਲ ਸੜਦਾ ਰਾਵਣ ਜੀ ।

ਆ ਗਏ 'ਕੈਰੇ' ਬੜੀ ਆਬਾਦੀ,
ਚਾਹਾਂ ਪੀ ਕੇ ਗੁੱਡਣ ਕਮਾਦੀ ।
ਲਾ ਲਏ ਖੇਤ-ਖੇਤ ਵਿੱਚ ਕੂੰਏਂ,
ਖੰਡ ਦੀਆਂ ਡਲੀਆਂ ਨਿਕਲਣ ਧੂੰਏਂ,
ਖਾਂਡ ਬਣਾਉਂਦੇ ਸਭ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਫੇਰ ਮੈਨੂੰ 'ਚੱਕ' ਦਾ ਸੈਕਸ਼ਨ ਦੇ ਗੇ ।
ਜੱਗੂ ਰਾਮਣ ਜਾਂਦੇ ਬੇਗੇ ।
ਸੋਹਣੇ ਮਿਰਜ਼ੇ ਵਰਗੇ ਲਾੜੇ,
ਬੱਬਰ ਮਾਰ ਸੰਗੀਨਾਂ ਪਾੜੇ,
ਚੜ੍ਹ ਕੇ 'ਚੱਕ' ਨੂੰ ਜਾਣਾ ਸੀ ।
ਪੁਲਸੀਆਂ ਵਰਗੀ ਬਿਰਜਸ ਮੇਰਾ ਖਾਖੀ ਬਾਣਾ ਸੀ ।

ਜਾਂ ਮੈਂ ਆਉਂਦੇ ਵੇਖੇ ਜਮ 'ਜਹੇ ।
ਮੇਰੇ ਉਖੜੇ ਫਿਰਦੇ ਦਮ ਜਹੇ ।
ਦੂਰੋਂ ਵੇਖ ਮੈਂ ਦੇ ਗਿਆ ਤੀੜਾਂ ।
ਮੇਰੀਆਂ ਪੈਂਦੀਆਂ ਜਾਣ ਪਦੀੜਾਂ,
ਉਡਦੀ ਜਾਂਦੀ ਗੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

'ਸੀਤੋ', 'ਬਿਸ਼ਨਪੁਰੇ', 'ਸੁਖਚੈਨ' ਐ ।
ਏਧਰ ਮਿਰਗ ਜ਼ਿਆਦਾ ਰਹਿਣ ਐ ।
ਮੁਛਦੇ ਫਿਰਦੇ ਹਾੜੀ ਸਾਉਣੀ ।
ਹੀਰਿਆਂ ਹਰਨਾਂ ਜਿਹਾਂ ਦੀ ਛਾਉਣੀ ।
ਹੈ ਵਿੱਚ ਖੁਲ੍ਹੀਆਂ ਰੋਹੀਆਂ ਦੇ ।
ਵੜਨ ਨਾ ਦੇਣ ਸ਼ਿਕਾਰੀ, ਬਾਰਾਂ ਪਿੰਡ ਬਿਸ਼ਨੋਈਆਂ ਦੇ ।

'ਤਿਹੁਣੇ', 'ਰਾਇਕੇ', 'ਮਾਹੂਆਣੇ' ।
'ਬਾਦਲ', 'ਖੁੱਡੀਆਂ', 'ਅਬੁਲ-ਖੁਰਾਣੇ',
ਕੁੱਲ ਸਰਦਾਰ ਨਵਾਬਾਂ ਵਰਗੇ,
ਕੋਠੇ ਨਰਮਿਆਂ ਦੇ ਨਾਲ ਭਰ ਗੇ,
ਇਨ ਪਰ ਰਾਜ਼ੀ ਰੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਬੈਠਾ 'ਬਾਜਕ', 'ਲੰਬੀ', 'ਸਹੁਜਾਂ' ।
'ਜੰਘੀਰਾਣੇ' ਲੈ ਲੀਆਂ ਮੌਜਾਂ ।
'ਝੁੰਬਾ', 'ਗਿਦੜਵਾਹਾ' ਤੇ 'ਚੁੱਘੇ' ।
'ਬਾਬੂ ਰਜਬ ਅਲੀ' ਹੋਸ ਗਏ ਉੱਘੇ ।
ਮੇਲੇ ਵੇਖ ਬਠਿੰਡੇ ਜੀ ।
ਖਾੜੇ ਫ਼ਤਹਿ, ਅਜ਼ੀਜ਼ ਲਗਾਉਂਦੇ, ਜੈਸੇ ਟੀਕਣ ਬਿੰਡੇ ਜੀ ।

ਸੁਣ ਜਗਮੇਲ, ਬਸੰਤ ਪਿਆਰਿਉ ।
ਪਰ ਜਿੰਦ ਰੱਬ ਦੇ ਨਾਂ ਤੇ ਵਾਰਿਉ ।
ਪੈਂਦਾ ਸੁੱਤਾ ਜਾਗ ਨਸੀਬਾ ।
ਜਾਂਦਾ ਕਿਸਮਤ ਦੇ ਨਾਲ ਬੀਬਾ,
ਜਨਮ ਅਮੋਲਕ ਲੱਭ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ