ਆ ਮਿਲ ਯਾਰਾ ਸਾਰ ਲੈ ਮੇਰੀ

ਆ ਮਿਲ ਯਾਰਾ ਸਾਰ ਲੈ ਮੇਰੀ
ਮੇਰੀ ਜਾਨ ਦੁੱਖਾਂ ਨੇ ਘੇਰੀ

ਅੰਦਰ ਖਾਬ ਵਿਛੋੜਾ ਹੋਇਆ, ਖਬਰ ਨਾ ਪੈਂਦੀ ਤੇਰੀ
ਸੁੰਞੀ ਬਨ ਵਿਚ ਲੁੱਟੀ ਸਾਈਆਂ, ਸੂਰ ਪਲੰਗ ਨੇ ਘੇਰੀ
ਮੁਲਾਂ ਕਾਜ਼ੀ ਰਾਹ ਬਤਾਵਣ, ਦੇਣ ਭਰਮ ਦੇ ਫੇਰੇ
ਇਹ ਤਾਂ ਠੱਗ ਨੇ ਜਗਤ ਦੇ ਝਿਓਰ, ਲਾਵਣ ਜਾਲ ਚੁਫੇਰੇ
ਕਰਮ ਸ਼ਰਾਅ ਦੇ ਧਰਮ ਬਤਾਵਣ, ਸੰਗਲ ਪਾਵਣ ਪੈਰੀਂ
ਜ਼ਾਤ ਮਜ਼ਹਬ ਇਹ ਇਸ਼ਕ ਨਾ ਪੁੱਛਦਾ, ਇਸ਼ਕ ਸ਼ਰਾਅ ਦਾ ਵੈਰੀ
ਨਦੀਉਂ ਪਾਰ ਮੁਲਕ ਸਜਣ ਦਾ, ਲਹਿਰ ਲੋਭ ਨੇ ਘੇਰੀ
ਸਤਿਗੁਰ ਬੇੜੀ ਫੜੀ ਖਲੋਤੇ, ਤੈਂ ਕਿਉਂ ਲਾਈ ਦੇਰੀ
ਬੁੱਲ੍ਹਾ ਸ਼ਾਹ ਸ਼ੋਹ ਤੈਨੂੰ ਮਿਲਸੀ, ਦਿਲ ਨੂੰ ਦੇ ਦਲੇਰੀ
ਪੀਤਮ ਪਾਸ, ਤੇ ਟੋਲਣਾ ਕਿਸ ਨੂੰ, ਭੁੱਲ ਗਿਉਂ ਸ਼ਿਕਰ ਦੁਪਹਿਰੀ

ਆ ਮਿਲ ਯਾਰਾ ਸਾਰ ਲੈ ਮੇਰੀ
ਮੇਰੀ ਜਾਨ ਦੁੱਖਾਂ ਨੇ ਘੇਰੀ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 93 ( ਹਵਾਲਾ ਵੇਖੋ )