ਬੁੱਲ੍ਹਾ ਕੀ ਜਾਣਾ ਮੈਂ ਕੌਣ

ਬੁੱਲ੍ਹਾ ਕੀ ਜਾਣਾ ਮੈਂ ਕੌਣ

ਨਾ ਮੈਂ ਮੋਮਿਨ ਵਿਚ ਮਸੀਤ ਆਂ
ਨਾ ਮੈਂ ਵਿਚ ਕੁਫ਼ਰ ਦੀ ਰੀਤ ਆਂ
ਨਾ ਮੈਂ ਪਾਕਾਂ ਵਿਚ ਪਲੀਤ ਆਂ
ਨਾ ਮੈਂ ਮੂਸਾ ਨਾ ਫ਼ਿਰਔਨ

ਬੁੱਲ੍ਹਾ ਕੀ ਜਾਣਾ ਮੈਂ ਕੌਣ

ਨਾ ਮੈਂ ਅੰਦਰ ਵੇਦ ਕਿਤਾਬਾਂ
ਨਾ ਵਿਚ ਭੰਗਾਂ ਨਾ ਸ਼ਰਾਬਾਂ
ਨਾ ਵਿਚ ਰਿੰਦਾਂ ਮਸਤ ਖ਼ਰਾਬਾਂ
ਨਾ ਵਿਚ ਜਾਗਣ ਨਾ ਵਿਚ ਸੌਣ

ਬੁੱਲ੍ਹਾ ਕੀ ਜਾਣਾ ਮੈਂ ਕੌਣ

ਨਾ ਵਿਚ ਸ਼ਾਦੀ ਨਾ ਗ਼ਮਨਾਕੀ
ਨਾ ਮੈਂ ਵਿਚ ਪਲੀਤੀ ਪਾਕੀ
ਨਾ ਮੈਂ ਆਬੀ ਨਾ ਮੈਂ ਖ਼ਾਕੀ
ਨਾ ਮੈਂ ਆਤਿਸ਼ ਨਾ ਮੈਂ ਪੌਣ

ਬੁੱਲ੍ਹਾ ਕੀ ਜਾਣਾ ਮੈਂ ਕੌਣ

ਨਾ ਮੈਂ ਅਰਬੀ ਨਾ ਲਾਹੌਰੀ
ਨਾ ਮੈਂ ਹਿੰਦੀ ਸ਼ਹਿਰ ਨਗੌਰੀ
ਨਾ ਹਿੰਦੂ ਨਾ ਤੁਰਕ ਪਿਸ਼ੌਰੀ
ਨਾ ਮੈਂ ਰਹਿੰਦਾ ਵਿਚ ਨਦੌਣ

ਬੁੱਲ੍ਹਾ ਕੀ ਜਾਣਾ ਮੈਂ ਕੌਣ

ਨਾ ਮੈਂ ਭੇਤ ਮਜ਼ਹਬ ਦਾ ਪਾਇਆ
ਨਾ ਮੈਂ ਆਦਮ ਹੱਵਾ ਜਾਇਆ
ਨਾ ਮੈਂ ਅਪਣਾ ਨਾਮ ਧਰਾਇਆ
ਨਾ ਵਿਚ ਬੈਠਣ ਨਾ ਵਿਚ ਭੌਣ

ਬੁੱਲ੍ਹਾ ਕੀ ਜਾਣਾ ਮੈਂ ਕੌਣ

ਅਵਲ ਆਖ਼ਿਰ ਆਪ ਨੂੰ ਜਾਣਾਂ
ਨਾ ਕੋਈ ਦੂਜਾ ਹੋਰ ਪਛਾਣਾਂ
ਮੈਥੋਂ ਹੋਰ ਨਾ ਕੋਈ ਸਿਆਣਾ
ਬੁਲ੍ਹਾ! ਉਹ ਖੜਾ ਹੈ ਕੌਣ

ਬੁੱਲ੍ਹਾ ਕੀ ਜਾਣਾ ਮੈਂ ਕੋਣ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 101 ( ਹਵਾਲਾ ਵੇਖੋ )