ਮੇਰੀ ਬੁੱਕਲ਼ ਦੇ ਵਿਚ ਚੋਰ

ਮੇਰੀ ਬੁੱਕਲ਼ ਦੇ ਵਿਚ ਚੋਰ ਨੀ, ਮੇਰੀ ਬੁੱਕਲ਼ ਦੇ ਵਿਚ ਚੋਰ

ਸਾਧੂ ਕਿਸ ਨੂੰ ਕੂਕ ਸੁਣਾਵੇਂ, ਮੇਰੀ ਬੁੱਕਲ਼ ਦੇ ਵਿਚ ਚੋਰ
ਚੋਰੀ ਚੋਰੀ ਨਿਕਲ਼ ਗਿਆ, ਤੇ ਜਗ ਵਿਚ ਪੈ ਗਿਆ ਸ਼ੋਰ

ਮੇਰੀ ਬੁੱਕਲ਼ ਦੇ ਵਿਚ ਚੋਰ ਨੀ, ਮੇਰੀ ਬੁੱਕਲ਼ ਦੇ ਵਿਚ ਚੋਰ

ਮੁਸਲਮਾਨ ਸਿਵਿਆਂ ਤੋਂ ਡਰਦੇ, ਹਿੰਦੂ ਡਰਦੇ ਗੋਰ
ਦੋਵੇਂ ਏਸੇ ਦੇ ਵਿਚ ਮਰਦੇ, ਇਹੋ ਦੋਹਾਂ ਦੀ ਖੋਰ

ਮੇਰੀ ਬੁੱਕਲ਼ ਦੇ ਵਿਚ ਚੋਰ ਨੀ, ਮੇਰੀ ਬੁੱਕਲ਼ ਦੇ ਵਿਚ ਚੋਰ

ਕਿਤੇ ਰਾਮ ਦਾਸ ਕਿਤੇ ਫ਼ਤਿਹ ਮੁਹੰਮਦ, ਇਹੋ ਕਦੀਮੀ ਸ਼ੋਰ
ਮਿਟ ਗਿਆ ਦੋਹਾਂ ਦਾ ਝਗੜਾ, ਨਿਕਲ਼ ਪਿਆ ਕੋਈ ਹੋਰ

ਮੇਰੀ ਬੁੱਕਲ਼ ਦੇ ਵਿਚ ਚੋਰ ਨੀ, ਮੇਰੀ ਬੁੱਕਲ਼ ਦੇ ਵਿਚ ਚੋਰ

ਅਰਸ਼ ਮੁਨੱਵਰ ਬਾਂਗਾਂ ਮਿਲੀਆਂ, ਸੁਣੀਆਂ ਤਖ਼ਤ ਲਾਹੌਰ
ਸ਼ਾਹ ਇਨਾਇਤ ਕੁੰਡੀਆਂ ਪਾਈਆਂ, ਲੁਕ ਛੁਪ ਖਿੱਚਦਾ ਡੋਰ

ਮੇਰੀ ਬੁੱਕਲ਼ ਦੇ ਵਿਚ ਚੋਰ ਨੀ, ਮੇਰੀ ਬੁੱਕਲ਼ ਦੇ ਵਿਚ ਚੋਰ

ਜਿਸ ਢੁੰਡਿਆ ਤਿਸ ਨਾ ਪਾਇਆ, ਨਾ ਝੁਰ ਝੁਰ ਹੋਇਆ ਮੋਰ
ਜਿਹੜਾ ਲੇਖ ਮੱਥੇ ਦਾ ਲਿਖਿਆ, ਕੌਣ ਕਰੇ ਭੰਨ ਤੋੜ

ਮੇਰੀ ਬੁੱਕਲ਼ ਦੇ ਵਿਚ ਚੋਰ ਨੀ, ਮੇਰੀ ਬੁੱਕਲ਼ ਦੇ ਵਿਚ ਚੋਰ

ਪੀਰ ਪੀਰਾਂ ਬਗ਼ਦਾਦ ਅਸਾਡਾ, ਮੁਰਸ਼ਦ ਤਖ਼ਤ ਲਾਹੌਰ
ਓਹ ਅਸੀਂ ਸਭ ਇਕੋ ਕੋਈ, ਓਹੋ ਗੁੱਡੀ ਤੇ ਡੋਰ

ਮੇਰੀ ਬੁੱਕਲ਼ ਦੇ ਵਿਚ ਚੋਰ ਨੀ, ਮੇਰੀ ਬੁੱਕਲ਼ ਦੇ ਵਿਚ ਚੋਰ

ਇਹ ਤੁਸੀ ਵੀ ਆਖੋ ਸਾਰੇ, ਓਹੋ ਗੁੱਡੀ ਤੇ ਡੋਰ
ਮੈਂ ਦੱਸਣਾਂ ਤੁਸੀ ਪਕੜ ਲਿਆਓ, ਬੁਲ੍ਹੇ ਸ਼ਾਹ ਦਾ ਚੋਰ

ਮੇਰੀ ਬੁੱਕਲ਼ ਦੇ ਵਿਚ ਚੋਰ ਨੀ, ਮੇਰੀ ਬੁੱਕਲ਼ ਦੇ ਵਿਚ ਚੋਰ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 317 ( ਹਵਾਲਾ ਵੇਖੋ )