ਉਹਦੀ ਯਾਦ ਚਿ ਅੱਖ ਭਰ ਆਵੇ ਕੈਸੀ ਗੱਲ ਏ

ਉਹਦੀ ਯਾਦ ਚਿ ਅੱਖ ਭਰ ਆਵੇ ਕੈਸੀ ਗੱਲ ਏ
ਜਿਹਦੇ ਹੁੰਦਿਆਂ ਦਿਲ ਘਬਰਾਵੇ ਕੈਸੀ ਗੱਲ ਏ

ਜਿਨੂੰ ਇਲਮ ਏ ਹਰ ਇਕ ਗੱਲ ਦਾ ਹਰ ਇਕ ਗੱਲ ਦਾ
ਉਹਦੀ ਸਮਝੇ ਕੁਛ ਨਾ ਆਵੇ ਕੈਸੀ ਗੱਲ ਏ

ਸੁਖ ਨੂੰ ਆਪਣੇ ਨਾਲ਼ ਬਿਠਾ ਕੇ ਸੱਜੇ ਪਾਸੇ
ਬੰਦਾ ਦੁੱਖ ਦਾ ਹਾਲ ਸੁਣਾਵੇ ਕੈਸੀ ਗੱਲ ਏ

ਕੋਈ ਨਈਂ ਸੁਣਦਾ ਹਾਲ ਗ਼ਰੀਬ ਦਾ ਇਸ ਦੁਨੀਆ ਤੇ
ਜਿੰਨਾਂ ਮਰਜ਼ੀ ਰੌਲਾ ਪਾਵੇ ਕੈਸੀ ਗੱਲ ਏ

ਉਹਦੇ ਲਈ ਤੇ ਕੁੱਝ ਨਈਂ ਲਿਖਿਆ ਕਿਸੇ ਨੇ ਅੱਜ ਤੱਕ
ਜੀਣ ਦੀ ਖ਼ਾਤਿਰ ਜੋ ਮਰ ਜਾਵੇ ਕੈਸੀ ਗੱਲ ਏ

ਜਿਹੜਾ ਬੰਦਾ ਕੁੱਝ ਨਾ ਹੋਵੇ ਓਹੋ ਬੰਦਾ
ਉੱਚਾ ਅਪਣਾ ਨਾਮ ਸਦਾਵੇ ਕੈਸੀ ਗੱਲ ਏ

ਉਹਦੇ ਉਤੇ ਹਰਖ ਨਈਂ ਆਉਂਦਾ ਬੁਸ਼ਰਾ ਜਿਹੜਾ
ਗੱਲ ਗੱਲ ਉੱਤੇ ਲਾਰੇ ਲਾਵੇ, ਕੈਸੀ ਗੱਲ ਏ