ਸਾਹ ਸਾਹ ਹਿਜਰ ਹੰਢਾਇਆ ਜਾਂਦਾ

ਸਾਹ ਸਾਹ ਹਿਜਰ ਹੰਢਾਇਆ ਜਾਂਦਾ
ਫ਼ੇਰ ਕਿਤੇ ਵਸਲ ਕਮਾਇਆ ਜਾਂਦਾ

ਹੁਣ ਤੇ ਵੇਖਣ ਜੋਗਾ ਹੋਇਆ
ਹੁਣ ਨਈਂ ਹਾਲ ਸੁਣਾਇਆ ਜਾਂਦਾ

ਉਸ ਮੈਨੂੰ ਅਪਨਾਅ ਲੈਣਾ ਸੀ
ਜੇਕਰ ਦੁੱਖ ਅਪਨਾਇਆ ਜਾਂਦਾ

ਰੋਟੀ ਪੀਤੀ ਜਾ ਨਈਂ ਸਕਦੀ
ਪਾਣੀ ਨੂੰ ਨਈਂ ਖਾਇਆ ਜਾਂਦਾ

ਖ਼ੁਦ ਨੂੰ ਈ ਸਮਝਾਇਆ ਇਕ ਦਿਨ
ਕਿਸ ਕਿਸ ਨੂੰ ਸਮਝਾਇਆ ਜਾਂਦਾ

ਇਹ ਵੀ ਅੱਜ ਕੱਲ੍ਹ ਝੂਠ ਏ ਬਣਦਾ
ਮੋਇਆ ਈ ਦਫ਼ਨਾਇਆ ਜਾਂਦਾ

ਜਿੰਨਾਂ ਤੋਂ ਤਰਸਾਇਆ ਰੱਬਾ
ਇੰਨਾਂ ਨਈਂ ਤਰਸਾਇਆ ਜਾਂਦਾ

ਬੁਸ਼ਰਾ ਕੁੱਲ ਹਯਾਤੀ ਸੁਖ ਨੂੰ
ਗੱਲ ਦੇ ਨਾਲ਼ ਨਈਂ ਲਾਇਆ ਜਾਂਦਾ