ਹੀਰ

ਸਫ਼ਾ 59

581
ਹਿੱਕ ਕੁੜੀ ਤਦ ਹੋ ਅਗੇਰੇ , ਰਾਂਝੇ ਦੇ ਕੋਲ਼ ਆਈ
" ਕੀ ਫ਼ਕੀਰਾ! ਨਾਉਂ ਤੁਸਾਡਾ? ਅਸਾਂ ਨੂੰ ਦੇ ਸੁਣਾਈ
ਮੈਨੂੰ ਪਿਆ ਭੁਲਾਵਾ ਤੈਂਡਾ, ਤਾਹਿਰ ਦਾ ਤੋਂ ਭਾਈ "
ਆਖ ਦਮੋਦਰ ਧੀਦੋ ਆਖੇ , " ਪਈ ਕੇਹੀ ਪੁੱਛ ਤਸਾਨਹੀ"

582
ਵੇਖ ਵਿਕਾ ਗਈਆਂ ਸਭ ਯਾਰੋ , ਫਿਰ ਤਥਾਓਂ ਆਈਆਂ
"ਵੱਡੀ ਕੰਬਖ਼ਤ ਕੁੜੀ ਇਹ ਆਹੀ ," ਕੁੜੀਆਂ ਧੁੰਮਾਂ ਪਾਈਆਂ
"ਪਹਿਲਾਂ ਤੁਧ ਮੰਗੀਂਦਾ ਕੁੜੀਏ ! ਅਸੀਂ ਵੇਖ ਵਕਾਈਆਂ
ਆਖ ਦਮੋਦਰ ਮਾਨਈਯਂ ਦੇ ਵਿਚ , ਕੁੜੀ ਪਾਸ ਤਬ ਆਈਆਂ

583
ਤਾਂ ਰੋ ਰੋ ਕੁੜੀ ਕਰੇਂਦੇ ਨਾਅਰੇ , "ਮੈਨੂੰ ਆਨ ਵਖਾਐਵ
ਆਖ ਸਲੇਟੀ ਸਦਕੇ , ਮੈਂ ਅਰਮਾਨ ਚਕਾਐਵ
ਦੇ ਦਿਲਾਸਾ , ਵੇਖਣ ਤਾਈਂ , ਮੈਨੂੰ ਝਾਤ ਪਵਾਐਵ
ਆਖ ਦਮੋਦਰ ਚਾ ਅਸਾਡਾ , ਮਹੀਂ ਵਰਾਗ ਮਟਾਐਵ"

584
ਕੁੜੀਆਂ ਕੂੜ ਅਲਾਇਆ ਭਾਈ , ਪਾਸ ਰੰਝੇਟੇ ਆਈਆਂ
"ਉੱਠੀ , ਚੱਲ ਫ਼ਕੀਰ ਸਦੀਂ ਦੇ , ਘਣ ਸੁਨੇਹੇ ਸਾਈਆਂ "
ਜੁਲਿਆ ਨਾਏ ਫ਼ਕੀਰਾਂ ਸੁਣਦੇ , ਛੋੜ ਜੰਞ ਤੇ ਭਾਈਆਂ
ਆਖ ਦਮੋਦਰ ਲੈ ਅੰਦਰ ਪਾਇਆ , ਗੱਲਾਂ ਆਖ ਸੁਣਾਈਆਂ

585
ਜਾਂ ਵੜਿਆ ਆ ਰੰਝੇਟਾ ਅੰਦਰ, ਅਜ਼ਮਤ ਕੀ ਰੁਸ਼ਨਾਈ
ਕੁੜੀਆਂ ਛਕ ਬਹਾਇਆ ਅੰਦਰ , ਪਾਸੋਂ ਘੁੰਮਰ ਪਾਈ
ਕੇਹੀਆਂ ਗੱਲਾਂ ਕਰੇ ਮਨਗੀਨਦੀ , ਆਖਣ ਦੁੱਖ ਸਭਾ ਈ
ਆਖ ਦਮੋਦਰ ਛਕ ਪਜੋਤਾ, ਜੈਹਰੀ ਮਨਗੀਨਦੀ ਆਹੀ

586
"ਕੀ ਤਕਸੀਰ ਮੈਂ ਬਖ਼ਤੋਂ ਤੱਤੀ , ਪਾਲਰ ਮਹੀਂ ਦਿੱਤੂ ਈ
ਉਨਸੀ ਨਿੱਤ ਪਿੰਦੀ ਆਹੀ , ਕੈਚ ਮਿਲਾਵੇ ਕੋਈ
ਥੀਵ ਨਾ ਬਾਬਰ , ਮੈਂ ਮਰ ਵੀਨਦੀ , ਮੈਂ ਤਕਸੀਰ ਨਾ ਕੋਈ
ਆਖ ਦਮੋਦਰ ਸੁਣਾ ਅਸਾਨੂੰ , ਕਿਹਾ ਗੁਨਾਹ ਡਿਠੋ ਈ"

587
"ਮੈਂ ਮਨਘਟੋ , ਖੱਟ ਨਾ ਜਾਣਾ , ਮੈਂ ਕੁਛ ਆਵੇ ਨਾਹੀਂ
ਸਾੜੀ ਘੱਤ ਪਰਾਈ ਜਾਈ, ਇਹ ਮੁਨਾਸਬ ਨਾਹੀਂ
ਮਿਹਨਤ ਕਦੀ ਨਾ ਕੀਤੀ ਹੱਥੀਂ ,ਕਿੰਦੇ ਘਰੋਂ ਖਵਾ ਹੈਂ
ਆਖ ਦਮੋਦਰ ਸਮਝ ਡਠੋਸੇ , ਜੇ ਕੁੱਵਤ ਮੈਂ ਥੇ ਨਾਹੀਂ "

588
"ਵਿਚ ਸਿਆਲੀਂ ਆਹੀਆ ਕੁੱਵਤ ? ਜੇ ਪਿਓ ਦਾ ਨਾਂ ਵੰਜਾਯਾ
ਮੱਝੀਂ ਚਾਰੀਂ , ਤੇ ਸ਼ਰਮ ਨਾ ਤੈਨੂੰ , ਜੇ ਸਿਰਤੇ ਟਮਕ ਚਾਇਆ?
ਜੇਕਰ ਹੀਰ ਗਈ ਅੱਠ ਖੀੜੀਂ , ਤਾਂ ਚਿੱਤ ਹਜ਼ਾਰਾ ਆਇਆ?
ਆਖ ਦਮੋਦਰ ਸਾਡੀ ਵਾਰੀ ਮਖੱਟੂ ਨਾਉਂ ਧਰਾਇਆ?

589
"ਨਾਹੀਂ ਤਾਣੇ ਲਹਿਣੇ ਮੈਥੋਂ , ਜ਼ੋਰ ਅਲਾਨਭੇ ਦਿੰਦੀ
ਅਸਾਂ ਸਮਝ ਡਿੱਠਾ ਵੱਲ ਆਪੇ , ਜੇ ਨਾਹੀਂ ਕੁੱਵਤ ਰਹਿੰਦੀ
ਜੇ ਘੱਤ ਸਾੜੀ ਧੀ ਪਰਾਈ , ਜ਼ਰਾ ਨਾ ਖ਼ੂਬੀ ਮੈਂਡੀ
ਭਾਰਾ ਚਾਨਾ ਸਕਾਂ ਬੀ ਬੀ , ਨਾ ਕੁੱਵਤ ਦੇਹ ਵਿਚ ਮੈਂਡੀ "

590
"ਆਖ ਅੱਗੇ ਤਾਂ ਤੋਂ ਰਾਜ਼ੀ, ਰਹਿੰਦਾ ਆ ਹੂੰ ਅਤੇ ਜਾਈ
ਹੀਰੇ ਕਾਰਨ ਤਰਲੇ ਕੀਤੇ , ਹੱਥ ਨਾ ਤੈਨੂੰ ਆਈ
ਜੇ ਚਾਕਾਂ ਆਜ਼ਿਜ਼ ਕੇਤੂ ਮੀਆਂ , ਤਾਂ ਜੀ ਉਦਾਸੀ ਆਈ
ਆਖ ਮਖੱਟੂ ਤਦ ਵਿਕਾ ਥਿਓਂ , ਜਦੋਕਿ ਹੀਰ ਗਵਾਈ