ਹੀਰ

ਸਫ਼ਾ 2

11
ਉਠੋ ਹਾਰ ਗੁਜ਼ਰ ਗਈਆਂ ਨੇਂ , ਚੂਚਕ ਸਥੇ ਆਇਆ
ਕੇਤੂਸ ਫ਼ਿਕਰ , ਕੀ ਦੈਜੇ ਭਾਈ ? ਤਾਂ ਸੁਨਿਆਰ ਸਦਾਇਆ
ਰਾਜ਼ੀ ਥੀ , ਸੁਣਾ ਹੱਥ ਲੀਤਾ , ਤਾਂ ਬਹਿ ਤਰਗ ਘੜਾਇਆ
ਆਖ ਦਮੋਦਰ ਦਿੱਤੀ ਵਧਾਈ , ਤਾਂ ਬਾਹਮਣ ਗਲ ਪਾਇਆ

12
ਜੋੜਾ ਘੋੜਾ ਦੋਹਾਂ ਤਾਈਂ , ਦੋਹੀਂ ਤੇੜ ਪਹਿਰਾਏ
ਦੇ ਸਿਰ ਪਾਏ ਵਦੇ ਤੇ ਆਂਦੇ , ਗੱਲ ਚੂਚਕ ਪਲੋ ਪਾਏ
ਵਿੰਝੂ ਖੀੜੀਂ ! ਬਹੁਤ ਆਜ਼ਜ਼ੀ , ਚੂਚਕ ਆਖ ਸੁਣਾਏ
ਆਖ ਦਮੋਦਰ ਖ਼ਾਨ ਸੁਣਾਏ , "ਸੇ ਵਾਰੀ ਤੁਸਾਂ ਵਧਾਏ

13
ਟੁਰੇ ਵਿਦਾ ਥੀ , ਕਿਮੇਂ ਯਾਰੋ, ਕਰਨ ਪਸੰਦ ਤਦਾਹਾਨ
ਹਿੱਕ ਇਨਾਮ ਅਸਾਂ ਦਿੱਤਾ ਚੂਚਕ , ਦੂਜਾ ਅੱਗੋਂ ਵਣਜ ਘਣਾ ਹਾਂ
ਜੇ ਅੱਗੋਂ ਸਨ ਪਾਏ ਅਲੀ , ਤਾਂ ਸਿਰ ਖ਼ਾਕ ਅਸਾਹਾਂ
ਕਹੇ ਦਮੋਦਰ ਪੈਂਡਾ ਮੰਦਾ ਕਰ ਕਰ ਘੱਟ ਪੇਵਾ ਹਾਂ

14
ਚਲੇ ਕਿਮੇਂ ਓਥੋਂ ਭਾਈ , ਕਿਹੈ ਕਦਮ ਉਠਾਏ
ਅੱਗੇ ਖ਼ਾਨ ਸੱਥ ਵਿਚ ਬੈਠਾ , ਦਿਲ ਵਿਚ ਫ਼ਿਕਰ ਹੰਢਾਏ
"ਕਿਮੇਂ ਵਣਜ ਸਿਆਲੀਨ ਬੈਠੇ , ਤਿੰਨ ਕੁ ਖ਼ਬਰ ਸੁਣਾਏ"
ਆਖ ਦਮੋਦਰ ਹੋਇਆ ਖ਼ੁਸ਼ਹਾਲੀ , ਜੇ ਉਹ ਨਜ਼ਰੀ ਪਾਏ

15
ਹੱਸ ਹੱਸ ਖ਼ਾਨ ਸੁਨੇਹੇ ਪਿੱਛੇ , ਖ਼ੁਸ਼ੀ ਹੋਇਆ ਸਿਰ ਤਾਈਂ
ਬਹੁਤੇ ਖ਼ਾਨ ਸਭ ਆਨ ਖਲੋਤੇ ਭੋਈਂ ਨਈਂ ਦੇ ਸਾਈਂ
ਤਣੀਆਂ ਟੁੱਟ ਗਈਆਂ ਅਲੀ ਦੀਆਂ , ਜੁੱਸੇ ਮਾਵੇ ਨਾਹੀਂ
ਕਹੇ ਦਮੋਦਰ ਵੱਲ ਵਿਚ ਕੇਤੂਸ, ਟਮਕ ਢੋਲ ਧੁਰਾ ਹੈਂ

16
ਟਮਕ ਆਨ ਧਰਾਇਆ ਅਲੀ, ਸਭ ਭਿਰਾਉ ਸਦਾਏ
ਸ਼ਾਦੀ ਕੀਤੀ ਦਲ ਦੀ ਭਾਂਦੀ , ਕੋਠੇ ਆਨ ਲੁਟਾਏ
ਕਿਮੇਂ ਭੇਜ ਸਦੀਉ ਨੇਂ ਸਕੇ, ਆਏ ਖ਼ਾਣਾਂ ਜਾਏ
ਘਾਨਾ ਖਾ ਕਰੇਂਦੇ ਮਸਲਤ । ਕਿਹੈ ਮਤੇ ਪਕਾਏ

17
ਆਖੇ ਖ਼ਾਨ ਸੁਣੋ ਭਿਰਾਉ , ਬੈਠ ਪਸੰਦ ਕਰੀਹੇ
ਮੂਲ ਤਹੱਮੁਲ ਬੰਦਾ ਨਾਹੀਂ , ਚੰਗੇ ਹੱਥ ਅਠੀਹੇ
ਚਲੀਏ ਝੰਗ ਸਿਆਲਾਂ ਵਾਲੇ , ਰੌਸ਼ਨ ਸਾਕ ਕਰੀਹੇ
ਕਹੇ ਦਮੋਦਰ ਢਿੱਲ ਨਾ ਬਣਦੀ , ਤਿਆਰੀ ਤੁਰਤ ਕਰੀਹੇ

18
ਤਾਂ ਹਭੇ ਚਿੱਤ ਈਹਾ ਆਈ। ਜਿਉਂ ਕਰ ਖ਼ਾਨ ਸੁਣਾਏ
ਨੁੱਕਰੇ , ਨੀਲੇ, ਅਬਲਕ , ਤਾਜ਼ੀ , ਗੱਲ ਗਜ ਗਾ ਹਾ ਬਣਾਏ
ਨਾ ਨਾ ਤਾਣ ਪਰਨੀਦੇ ਤਾਜ਼ੀ, ਮਖ਼ਮਲ ਹੁਣੇ ਪਾਏ
ਖ਼ਾਨ ਮਲੂਕ ਇਕੱਠੇ ਹੋਏ , ਆਲਮ ਵੇਖਣ ਆਏ

19
ਚਲੇ ਖ਼ਾਨ ਭੋਈਂ ਦੇ ਖ਼ਾਵੰਦ , ਕੱਲ੍ਹ ਸਾਮਾਨ ਉਠਾਏ
ਘੋੜੇ ਬਖ਼ਸ਼ਣ ਕਾਰਨ ਲੀਤੇ , ਰੋਕੜ ਉਠ ਲਦਾਏ
ਆਖ ਦਮੋਦਰ , ਮੁਲਕਾਂ , ਖ਼ਾਣਾਂ ਚੜ੍ਹਿਆ ਰੰਗ ਰੰਗ ਸਿਵਾਏ

20
ਕਿੱਲੇ , ਕੋਤਲ , ਅਬਲਕ, ਮੁਸ਼ਕੀ , ਖ਼ਾਨ ਮਲੂਕ ਸਦਾਏ
ਬਹੀਹਨਗੀ , ਅਸਤਰ , ਸ਼ੁਤਰ ਸਵਾਈ , ਪੂਰਨ ਤਾਣ ਸਿਵਾਏ
ਊਠ , ਟੱਟੂ ਕਸ਼ਮੀਰੀ , ਉੜਦੂ ਖ਼ਾਨਾ ਹਥਿਆਰ ਬਣਾਏ
ਆਖ ਦਮੋਦਰ ਤਿਸ ਦਿਨ ਧਰਤੀ , ਭਾ ਰਿੰਨ੍ਹ ਸਿਰਤੇ ਚਾਏ