ਚੜ੍ਹਕੇ ਫ਼ਿਕਰ ਕਮਾਨ ਮੇਰੀ ਤੇ ਕਲਮ ਮੇਰੀ ਦਾ ਤੀਰ

ਚੜ੍ਹਕੇ ਫ਼ਿਕਰ ਕਮਾਨ ਮੇਰੀ ਤੇ ਕਲਮ ਮੇਰੀ ਦਾ ਤੀਰ
ਬਣਿਆ ਮੁਲਕ ਸ਼ਹਾਨੀ ਨਾ ਦਰਬਾਰਾਂ ਦੀ ਜਾਗੀਰ

ਖਾਧੇ ਰਾਜ ਮਹਿਲਾਂ ਦੇ ਵਿਚ ਨਹੀਂ ਕਸੀਦੇ ਵੇਚ
ਗਾਹਕ ਬਣੇ ਰਾਜੇ ਮਹਾਰਾਜੇ ਤੇ ਦਰਬਾਨ ਵਜ਼ੀਰ

ਰੁੱਖ ਮਹਿਬੂਬਾ ਦੇ ਦੀ ਰੰਗਣ ਸ਼ਿਅਰ ਮੇਰੇ ਦਾ ਰੰਗ
ਬਣ ਕੇ ਦਰਦ ਦਿਲਾਂ ਵਿਚ ਵਸੇ ਸ਼ਿਅਰਾਂ ਦੀ ਤਾਸੀਰ

ਸੁਖ਼ਨ ਦੀਆਂ ਵਿਚ ਜ਼ੁਲਫ਼ਾਂ ਮੈਂ ਲਿਸ਼ਕਾਏ ਗੁਣਾ ਖ਼ਿਆਲ
ਸੂਝ ਮੇਰੀ ਨੂੰ ਪੇ ਨਾ ਸਕੀ ਸੋਨੇ ਦੀ ਜ਼ੰਜ਼ੀਰ

ਰਹੀ ਉੱਦਮਾਂ ਦੇ ਅੱਗੇ ਅੱਗੇ ਮੇਰੀ ਸੋਚ ਵਿਚਾਰ
ਤੁਰਦੀ ਰਹੀ ਤਦਬੀਰ ਮੇਰੀ ਦੇ ਮਗਰ ਮਗਰ ਤਕਦੀਰ

ਕੌਮੀ ਸੁਧਰ ਕਰਦੀ ਦਲ ਦੇ ਵਿਹੜੇ ਦੇ ਵਿਚ ਨਾਚ
ਅੱਖਾਂ ਮੇਰੀਆਂ ਦੇ ਵਿਚ ਵਸਦੀ ਵਤਨ ਦੀ ਏ ਤਸਵੀਰ

ਆਹਰ ਫ਼ਕੀਰ ਖ਼ਿਆਲ ਮੇਰੇ ਦਾ ਕੌਮ ਮੇਰੀ ਦਾ ਮਾਣ
ਕਲਮ ਮੇਰੀ ਏ ਮੇਰੇ ਢੋਲ ਸਿਪਾਹੀ ਦੀ ਸ਼ਮਸ਼ੇਰ