ਘੂਰਨਾ ਬੰਦੇ ਨੂੰ ਰੱਬੀ ਸ਼ਾਨ ਨਹੀਂ

ਘੂਰਨਾ ਬੰਦੇ ਨੂੰ ਰੱਬੀ ਸ਼ਾਨ ਨਹੀਂ
ਮੈਂ ਆਂ ਜੇ ਪਾਪੀ ਤੇ ਤੂੰ ਰਹਿਮਾਨ ਨਹੀਂ

ਬੱਤ ਬਣ ਕੇ ਬੰਦਗੀ ਵਿਚ ਰਹਿ ਪਵੇ
ਤੇਰੇ ਬੰਦੇ ਦੀ ਇਹ ਰੱਬਾ ਸ਼ਾਨ ਨਹੀਂ

ਜ਼ਿੰਦਗੀ ਦਿੱਤੀ ਏ ਜਿਹੜੀ ਮਰਨ ਲਈ
ਮੈਂ ਕਦੋਂ ਆਹਨਾਂ ਤੇਰਾ ਅਹਿਸਾਨ ਨਹੀਂ

ਹੋਵੇਗਾ ਮੁਸ਼ਕਿਲ ਤਮਾਸ਼ਾ ਮੌਤ ਦਾ
ਜ਼ਿੰਦਗੀ ਦੀ ਖੇਡ ਵੀ ਆਸਾਨ ਨਹੀਂ

ਜ਼ੋਰ ਲੱਗੇ ਨੇ ਖ਼ੁਦਾਈ ਦੇ ਬੜੇ
ਬਣਿਆ ਪਰ ਬੰਦਾ ਅਜੇ ਇਨਸਾਨ ਨਹੀਂ

ਇਲਮ ਅਸਮਾਨਾਂ ਤੇ ਉਡਦੇ ਪਰ ਅਜੇ
ਇਲਮ ਦੇ ਜੁੱਸੇ ਵਿਚ ਆਈ ਜਾਣ ਨਹੀਂ

ਨਿਕਲ ਗਏ ਦੁਨੀਆਂ ਦੇ ਸਭ ਅਰਮਾਨ ਨੇ
ਨਿਕਲਿਆ ਦੁਨੀਆ ਦਾ ਕੋਈ ਅਰਮਾਨ ਨਹੀਂ

ਮੇਰੇ ਦਿਲ ਵੀ ਖਾਧੀਆਂ ਨੇ ਜਮਬਸ਼ਾਂ
ਛੱਡਿਆ ਜੇ ਗਰਦਿਸ਼ਾਂ ਅਸਮਾਨ ਨਹੀਂ

ਦਿਲ ਤੇ ਕਰਦੇ ਹਿੰਮਤ ਅਜ਼ਮਾਈਏ 'ਫ਼ਕੀਰ'
ਪਰ ਮੁਹੱਬਤ ਦਾ ਉਹ ਗੌਹ ਮੈਦਾਨ ਨਹੀਂ