ਜਾਣ ਆਉਣ ਦਾ ਗਲੀ ਉਨ੍ਹਾਂ ਦੀ ਛੱਡਿਆ ਨਾ ਦਸਤੂਰ ਗਿਆ

ਜਾਣ ਆਉਣ ਦਾ ਗਲੀ ਉਨ੍ਹਾਂ ਦੀ ਛੱਡਿਆ ਨਾ ਦਸਤੂਰ ਗਿਆ
ਜਾ ਕੇ ਦਿਲ ਮੁੜ ਆਇਆ ਇਥੋਂ ਆ ਕੇ ਮੁੜ ਮਜਬੂਰ ਗਿਆ

ਆਪ ਮੁਹਾਰੇ ਨਾਲ਼ ਅਸਾਡੇ ਹਾਸੇ ਰੋਸੇ ਚਲਦੇ ਰਹੇ
ਲੰਘਿਆ ਕਦੀ ਉਹ ਹੱਸਦਾ ਹੱਸਦਾ ਕਦੀ ਉਹ ਲੰਘਦਾ ਘੋਰ ਗਿਆ

ਨਾ ਨਾ ਕਰਦਿਆਂ ਓੜਕ ਰਾਤੀਂ ਜਿਹੜੀ ਉਹਨੇ ਪੀਤੀ ਸੀ
ਮਸਜਿਦ ਵੱਲ ਸਵੇਰੇ ਮੁੱਲਾਂ ਇਸੇ ਵਿਚ ਸਰਵਰ ਗਿਆ

ਬਣ ਗਈ ਰਾਹ ਦੀ ਮਿੱਟੀ ਸੱਸੀ ਮੋੜ ਮੁਹਾਰ ਨਾ ਆਇਆ ਉਹ
ਨਿਕਲ ਥਲਾਂ ਵਿਚ ਪੁਨੂੰ ਭੈੜਾ ਖ਼ੋਰੇ ਕਿੱਡੀ ਦੂਰ ਗਿਆ

ਐਵੇਂ ਬੁਲਬੁਲ ਆਈ ਬਾਗ਼ੇ ਡੇਰਾ ਕਰਕੇ ਫ੍ਫੱਲ ਜਦੋਂ
ਕੋਇਲ ਕੀ ਕੋਕੀ ਜਿਸ ਵੇਲੇ ਝੜ ਅੰਬਾਂ ਦਾ ਬੋਰ ਗਿਆ

ਇਥੋਂ ਤੀਕਰ ਕੀ ਕੋਈ ਦੱਸੇ ਪਹੁੰਚ ਗਿਆ ਏ ਕੀਕਣ ਉਹ
ਸਾਡੀਆਂ ਅੱਖਾਂ ਸਾਹਮਣੇ ਸੂਲ਼ੀ ਤੀਕਰ ਸੀ ਮਨਸੂਰ ਗਿਆ

ਠੰਡਾ ਕਰ ਗਿਆ ਜਾਂਦੀ ਵਾਰੀ ਉਹੋ ਦੋਜ਼ਖ਼ ਦੁਨੀਆ ਦਾ
ਬਾਲ ਹੱਡਾਂ ਦਾ ਬਾਲਣ ਜਿਹੜਾ ਤਿੰਨ ਦੇ ਵਿਚ ਤੰਦੂਰ ਗਿਆ

ਇਸ਼ਕ ਮਚਾਇਆ ਭਾਂਬੜ ਜਿਹੜਾ ਆਸ਼ਿਕ ਬਾਝ ਬੁਝਾਉਂਦਾ ਕੌਣ
ਜਦ ਤੱਕ ਹੋਸ਼ 'ਚ ਆਏ ਮੂਸਾ ਤਦ ਤੀਕਰ ਸੜ ਤੌਰ ਗਿਆ

ਇਸੇ ਨੂਰ ਓੜਕ ਚਮਕਾਏ ਕਾਲੇ ਕੋਟ ਪਹਾੜਾਂ ਦੇ
ਚਾਲੀ ਵਰ੍ਹੇ ਹਨੇਰੀਆਂ ਗ਼ਾਰਾਂ ਦੇ ਵਿਚ ਜਿਹੜਾ ਨੂਰ ਗਿਆ

ਹੋ ਗਿਆ ਅੱਜ ਤੇ ਸਫ਼ਲ ਅਸਾਡਾ ਠਰਕ ਫ਼ਕੀਰ ਇਹ ਸ਼ਾਇਰੀ ਦਾ
ਅੱਜ ਤੇ ਸ਼ਿਅਰ ਮੇਰਾ ਕਰ ਸਾਰੀ ਮਹਿਫ਼ਲ ਨੂੰ ਮਸਰੂਰ ਗਿਆ