ਖ਼ਾਤਿਰ ਸੈਰ ਦੀ ਉਹ ਸ਼ਾਹੇ ਹੁਸਨ ਯਾਰੋ

ਖ਼ਾਤਿਰ ਸੈਰ ਦੀ ਉਹ ਸ਼ਾਹੇ ਹੁਸਨ ਯਾਰੋ
ਜਿਸ ਦਮ ਅਪਣਾ ਆਪ ਸੰਵਾਰ ਨਿਕਲਣ
ਹੱਥ ਰੱਖ ਕੇ ਦਿਲ ਬੇਤਾਬ ਉੱਤੇ
ਮਗਰੇ ਮਗਰ ਹੀ ਆਸ਼ਿਕ ਜ਼ਾਰ ਨਿਕਲਣ

ਉਹਦੀਆਂ ਮਸਤ ਨਜ਼ਰਾਂ ਉਹਦੀਆਂ ਅੱਖੀਆਂ ਥੀਂ
ਯਾਰੋ ਇਸ ਤਰ੍ਹਾਂ ਇਖ਼ਤਿਆਰ ਨਿਕਲਣ
ਮੈਖ਼ਾਨਿਉਂ ਡੋਲਦੇ ਡੋਲਦੇ ਜਿਉਂ ਪੀ ਕੇ
ਮਸਤ ਕੋਈ ਵਿਚ ਖ਼ੁਮਾਰ ਨਿਕਲਣ

ਇਧਰ ਆਬਰੂ ਕਮਾਨ ਦੇ ਵਿਚ ਚਲੇ
ਜੇ ਉਹ ਪਲਕਾਂ ਦੇ ਤੀਰ ਸੰਵਾਰ ਨਿਕਲਣ
ਇਧਰ ਸੋਨੀ ਦੇ ਸ਼ੌਕ ਦੀ ਹੱਦ ਹੋਵੇ
ਘਰੋਂ ਨਾਲ਼ ਲੈ ਕੇ ਆਸ਼ਿਕ ਜ਼ਾਰ ਨਿਕਲਣ

ਜ਼ਖ਼ਮ ਲਾਉਣ ਦੀ ਉਨ੍ਹਾਂ ਨੂੰ ਲੋੜ ਨਾ ਰਹੇ
ਜੇ ਉਹ ਆਬਰੂ ਜ਼ੁਲਫ਼ ਸੰਵਾਰ ਨਿਕਲਣ
ਛੁਰੀਆਂ ਲੈ ਕੇ ਹੱਥਾਂ ਦੇ ਵਿਚ ਆਸ਼ਿਕ
ਕਰਦੇ ਆਪਣੇ ਆਪ ਤੇ ਵਾਰ ਨਿਕਲਣ

ਵੇਖਣ ਲਈ ਤਮਾਸਾ ਸਪਾ ਹੱਦਿਆਂ ਦਾ
ਜੇ ਉਹ ਖੋਲ੍ਹ ਕੇ ਜ਼ੁਲਫ਼ ਖ਼ਮਦਾਰ ਨਿਕਲਣ
ਖ਼ੌਫ਼ ਨਾਲ਼ ਬੇ ਜਾਨ ਹੋ ਜਾਣ ਵਿਚ ਉਹ
ਨਾ ਪਟਾਰੀਆਂ ਥੀਂ ਡਰਦੇ ਬਾਹਰ ਨਿਕਲਣ

ਚੋਬਦਾਰ ਗ਼ੁਲਾਮ ਤੇ ਇਕ ਪਾਸੇ
ਰਹਿਬਰ ਸਾਹ ਸੁੱਕੇ ਸਭ ਦਰਬਾਰੀਆਂ ਦੇ
ਸਾਇਆ ਪਰਾਂ ਦਾ ਕਰੇ ਹੁਮਾ ਸਿਰ ਤੇ
ਸ਼ਾਹੇ ਹੁਸਨ ਜਦ ਸਿਰ ਦਰਬਾਰ ਨਿਕਲਣ

ਕਰਨ ਅਮਲ ਮੁੱਤੋਂ ਕਬਲ ਅੰਤ ਮੁੱਤੋਂ
ਕਾਤਲ ਜੇ ਸੱਦੇ ਕਦੀ ਵਿਚ ਮਕਤਲ
ਉਹਦੇ ਅਬਰਵਆਂ ਦੀ ਯਾਦ ਵਿਚ ਆਸ਼ਿਕ
ਗੱਲ ਤੇ ਫੇਰਦੇ ਘਰੋਂ ਤਲਵਾਰ ਨਿਕਲਣ

ਵੇਖ ਚੰਨ ਸੂਰਜ ਉਹਦਾ ਰੱਖ ਅਨਵਰ
ਹੈ ਯਕੀਨ ਕਿ ਉਲ ਤੇ ਨਿਕਲਣ ਹੀ ਨਾ
ਜੇ ਕਰ ਨਿਕਲਣ ਹੀ ਦੋਸਤੋ ਕਦੇ ਮੁੜ ਕੇ
ਨੀਚ ਹੋਣ ਦਾ ਕਰਕੇ ਕਰਾਰ ਨਿਕਲਣ

ਰਾਜ਼ਦਾਰਾਂ ਤੋਂ ਰਾਜ਼ ਨਾ ਰਹਿਣ ਗੁੱਝੇ
ਭਾਵੇਂ ਹੋਣ ਲੱਖਾਂ ਛੁਪ-ਛੁਪਾ ਅੰਦਰ
ਨਜ਼ਰ ਬਾਜ਼ਾਂ ਦੀ ਨਜ਼ਰ ਵਿਚ ਨਸਰ ਹੋਵਣ
ਪਰਦੇ ਵਿਚ ਭਾਵੇਂ ਪਰਦੇਦਾਰ ਨਿਕਲਣ

ਰਸ਼ਕ ਸਦਫ਼ ਚਸ਼ਮਾਂ ਆਸ਼ਿਕ ਜ਼ਾਰ ਦੀਆਂ
ਦਿਲਬਰ ਜੌਹਰੀਆਂ ਵਿਚ ਮਸ਼ਹੂਰ ਹੋਈਆਂ
ਹੰਝੂ ਨਿਕਲਦੇ ਨੇ ਤੇਰੀ ਯਾਦ ਅੰਦਰ
ਮੋਤੀ ਅੱਖੀਆਂ ਥੀਂ ਆਬਦਾਰ ਨਿਕਲਣ

ਐਸਾ ਸਿਫ਼ਤ ਮਾਸ਼ੂਕ ਫ਼ਕੀਰ ਜੇ ਕਰ
ਆਉਣ ਚੱਲ ਕੇ ਫ਼ਾਤਿਹਾ ਖ਼ਵਾਨੀਆਂ ਨੂੰ
ਅਸਤਕਬਾਕ ਦੇ ਲਈ ਜਿਸਮ ਆਸ਼ਿਕਾਂ ਦੇ
ਬੇਕਰਾਰ ਹੋ ਕੇ ਕਬਰੋਂ ਬਾਹਰ ਨਿਕਲਣ