ਰਹਿੰਦਾ ਨਜ਼ਰ ਵਿਚ ਏ ਤੇਰੇ ਤਾਲਬਾਂ ਦੀ

ਰਹਿੰਦਾ ਨਜ਼ਰ ਵਿਚ ਏ ਤੇਰੇ ਤਾਲਬਾਂ ਦੀ
ਸਦਾ ਸੋਹਣਿਆ ਪਤਾ ਮੁਕਾਮ ਤੇਰਾ
ਕਾਅਬਾ ਘਰ ਤੇਰਾ, ਵਿਹੜਾ ਹਰਮ ਤੇਰਾ
ਫ਼ਲਕ ਛੱਤ ਤੇਰਾ ਅਰਸ਼ ਬਾਮ ਤੇਰਾ

ਹੈ ਸ਼ਫ਼ਾਅਤ ਤੇਰੀ ਦਾ ਮੁਹਤਾਜ ਮਹਿਸ਼ਰ
ਜਾਰੀ ਵਿਚ ਦੁਨੀਆ ਫ਼ੈਜ਼ ਆਮ ਤੇਰਾ
ਕਿਹੜਾ ਤੇਰਾ ਗ਼ੁਲਾਮ ਸੁਲਤਾਨ ਨਾਹੀਂ
ਕਿਹੜਾ ਨਹੀਂ ਸੁਲਤਾਨ ਗ਼ੁਲਾਮ ਤੇਰਾ

ਰਿੰਦਾਂ ਵਾਂਗ ਸੂਫ਼ੀ ਸਾਕੀ ਮਸਤ ਤੇਰੇ
ਜਿਨ੍ਹਾਂ ਦੇਖਿਆ ਮਸਤ ਖ਼ਰਾਮ ਤੇਰਾ
ਚਲਦਾ ਮੈਕਦੇ ਵਿਚ ਤੌਹੀਦ ਦੇ ਰਹੇ
ਭਰਿਆ ਮੇਅ ਤੌਹੀਦ ਦਾ ਜਾਮ ਤੇਰਾ

ਡਿੱਠਾ ਵਾਂਗ ਤਸਬੀਹ ਦੀਆਂ ਦਾਣਿਆਂ ਦੇ
ਬਣਿਆ ਮੁਕਤਦੀ ਏ ਹਰ ਇਮਾਮ ਤੇਰਾ
ਆਲਮ ਇਲਮ ਹਕੁਮਤ ਦੀਆਂ ਵਿਚ ਦਰ ਸਾਂ
ਦਿੰਦਾ ਰਹੇਗਾ ਦਰਸ ਮੁਦਾਮ ਤੇਰਾ

ਧਾੜੇ ਮਾਰ ਖ਼ੂਨੀ ਜ਼ਾਲਮ ਜਾਬਰਾਂ ਲਈ
ਹੋਇਆ ਖ਼ਲਕ ਅਜ਼ੀਮ ਇਨਾਮ ਤੇਰਾ
ਵਗਦਾ ਦਰ ਦਰਿਆਵਾਂ ਦੇ ਜ਼ੋਰ ਉੱਤੇ
ਡਿੱਠਾ ਜੱਗ ਨੇ ਜ਼ੋਰ ਵਰਿਆਮ ਤੇਰਾ

ਕਰਕੇ ਵਿਰਦ ਖ਼ਾਲਿਕ ਮਖ਼ਲੂਕ ਦੇ ਲਈ
ਕੀਤਾ ਫ਼ਰਜ਼ ਦਰੂਦ ਸਲਾਮ ਤੇਰਾ
ਛਾਪ ਵਿਚ ਦਿਲ ਦੀ ਏ ਫ਼ਕੀਰ ਰਹਿੰਦਾ
ਜੁੜਿਆ ਵਾਂਗ ਨਗੀਨੇ ਦੇ ਨਾਮ ਤੇਰਾ