ਪੇ ਕੇ ਲੰਮੀਆਂ ਵਿਚ ਵਿਛੋੜਿਆਂ ਦੇ

ਪੇ ਕੇ ਲੰਮੀਆਂ ਵਿਚ ਵਿਛੋੜਿਆਂ ਦੇ
ਅਸਾਂ ਅਪਣਾ ਆਪ ਨੁਕਸਾਨ ਕੀਤਾ
ਉਹਦੀ ਯਾਦ ਨੂੰ ਦਿਲੋਂ ਵਿਸਾਰ ਕੇ ਤੇ
ਦਿਲ ਵੀਰਾਨ ਨੂੰ ਹੋਰ ਵੀਰਾਨ ਕੀਤਾ

ਚੱਲਣ ਤੀਕ ਸਾਡੇ ਚਲਦੇ ਦਮਾਂ ਤਾਈਂ
ਭੁੱਲਣ ਲੱਗੀਆਂ ਉਹਦੀਆਂ ਸਖ਼ਾਵਤਾਂ ਨੇ
ਸਾਡੇ ਇਸ਼ਕ ਬੇਦੋਸ਼ ਬੇ ਉਜ਼ਰ ਤਾਈਂ
ਦੁੱਖ ਉਮਰ ਤੇ ਹਸਨ ਨੇ ਦਾਨ ਕੀਤਾ

ਜਦ ਦੇ ਗਏ ਨੇ ਉਹ ਉਸ ਘਰੋਂ, ਉਥੇ
ਵਸਣ ਸੱਧਰਾਂ ਉਨ੍ਹਾਂ ਦੇ ਪਿਆਰ ਦੀਆਂ
ਦਿਲ ਬਰਬਾਦ ਕਰਕੇ ਉਨ੍ਹਾਂ ਆਪ ਸਾਡਾ
ਸਾਡੇ ਦਿਲ ਤੇ ਬੜਾ ਅਹਿਸਾਨ ਕੀਤਾ

ਯਾਦ ਕੀਤੀਆਂ ਆਉਂਦਾ ਏ ਯਾਦ ਏਨਾ
ਕੀ ਮਿਲਾਪ ਦੀ ਰਾਤ ਦਾ ਸਿਲਸਿਲਾ ਸੀ
ਉਹਦੀ ਜ਼ੁਲਫ਼ ਡਾਢੀ ਪ੍ਰੇਸ਼ਾਨ ਹੋਈ
ਉਹਦੀ ਜ਼ੁਲਫ਼ ਡਾਢਾ ਪ੍ਰੇਸ਼ਾਨ ਕੀਤਾ

ਵਾਂਗੂੰ ਡਾਢੀਆਂ ਫੋਕੀਆਂ ਵੈਰੀਆਂ ਦੇ
ਉਨ੍ਹਾਂ ਵੀਰ ਦਾ ਵੀ ਭਰਮ ਰੱਖਿਆ ਨਾ
ਕੀਤੀ ਬੜੀ ਗ਼ਲਤੀ ਬਹਿਕੇ ਵਿਚ ਯਾਰਾਂ
ਅਸਾਂ ਉਨ੍ਹਾਂ ਦੇ ਪਿਆਰ ਦਾ ਮਾਣ ਕੀਤਾ

ਪਲਕਾਂ ਭੱਜੀਆਂ ਨਜ਼ਰ ਉਦਾਸ ਡਾਢੀ
ਰੁੱਖ ਅਤੇ ਜ਼ੁਲਫ਼ਾਂ ਪ੍ਰੇਸ਼ਾਨ ਕੀਤਾ
ਵੇਖ ਉਨ੍ਹਾਂ ਦਾ ਹਾਲ ਇਹ ਅਸਾਂ ਵੀ ਨਾ
ਦਿਲ ਦੇ ਦੁੱਖ ਦਾ ਹਾਲ ਬਿਆਨ ਕੀਤਾ

ਨਹੀਂ ਸੀ ਉਹਦੀ ਜਵਾਨੀ ਦੇ ਜੋਸ਼ ਉਹਨੂੰ
ਕੀਤੀ ਗਿੱਲ ਸਾਡੀ ਯਾਦ ਰਹਿਣ ਦਿੱਤੀ
ਪਹਿਰਾ ਅਸਾਂ ਦਿੱਤਾ ਉਸੇ ਕੁਲ ਉੱਤੇ
ਜਿਹੜਾ ਕੁਲ ਸੀ ਨਾਲ਼ ਜ਼ਬਾਨ ਕੀਤਾ

ਵਾਂਗੂੰ ਧੂੜ ਦੇ ਬੱਦਲਾਂ ਉੱਡ ਗਏ ਨੇ
ਚੜ੍ਹ ਕੇ ਸਿਰੇ ਬੇਸੁਰਤ ਜਵਾਨੀਆਂ ਦੇ
ਸਾਡੇ ਇਸ਼ਕ ਨੇ ਜਿਹੜਾ ਗ਼ਰੂਰ ਕੀਤਾ
ਉਹਦੇ ਹਸਨ ਨੇ ਜਿਹੜਾ ਗਮਾਂ ਕੀਤਾ

ਲੋਕ ਮਗਰ ਲੱਗੇ ਤੇ ਨਾ ਪਏ ਪੱਥਰ
ਪਾਟਾ ਗਲਮਾ ਨਾ ਦਾਮਨ ਏ ਚਾਕ ਹੋਇਆ
ਪਾਗਲ ਆਸ਼ਿਕਾਂ ਨਾਲ਼ ਸਲੋਕ ਚੰਗਾ
ਉਹਦੇ ਸ਼ਹਿਰ ਨਾਲੋਂ ਬਿਆਬਾਨ ਕੀਤਾ

ਉਹਦੀ ਲਿਸ਼ਕਦੀ ਮਾਂਗ ਨੇ ਕੱਢ ਆਂਦਾ
ਜ਼ੁਲਫ਼ਾਂ ਉਹਦੀਆਂ ਦੇ ਕਬਰਸਤਾਨ ਵਿਚੋਂ
ਉਹਦੇ ਸਫ਼ਹੇ ਕੁਰਆਨ ਦੇ ਨਾਲ਼ ਸਾਨੂੰ
ਕਾਫ਼ਰ ਖ਼ਾਲ ਉਹਦੇ ਮੁਸਲਮਾਨ ਕੀਤਾ

ਸਾਰੀ ਉਮਰ ਰਿਹਾ ਵਾਂਗ ਸੂਫ਼ੀਆਂ ਦੇ
ਏਸ ਗੱਲ ਦਾ ਦਿਲੋਂ ਅਫ਼ਸੋਸ ਸਾਨੂੰ
ਰਿੰਦਾਂ ਨਾਲ਼ ਮੈਖ਼ਾਨੇ ਦੇ ਵਿਚ ਬਹਿ ਕੇ
ਤਾਜ਼ਾ ਅਸਾਂ ਨਾ ਕਦੇ ਈਮਾਨ ਕੀਤਾ

ਮੇਰੇ ਦਿਲ ਨੂੰ ਕਦੀ ਫ਼ਕੀਰ ਅੱਜ ਵੀ
ਇਹ ਅਦਾ ਈ ਉਨ੍ਹਾਂ ਦੀ ਭੁੱਲਣੀ ਨਹੀਂ
ਮੇਰੇ ਸ਼ਿਅਰ ਦੀ ਇਸ ਨਾ ਦਾਦ ਦਿੱਤੀ
ਮੇਰੀ ਗ਼ਜ਼ਲ ਦਾ ਇਸ ਨਾ ਮਾਣ ਕੀਤਾ