ਸ਼ੋਖ਼ ਤਿਰਛੀ ਨਜ਼ਰ ਨੂੰ ਦਿਲਬਰ ਝੁਕਾ ਕੇ ਮਾਰਿਆ

ਸ਼ੋਖ਼ ਤਿਰਛੀ ਨਜ਼ਰ ਨੂੰ ਦਿਲਬਰ ਝੁਕਾ ਕੇ ਮਾਰਿਆ
ਤੀਰ ਦਿਲ ਜ਼ਖ਼ਮੀ ਨੂੰ ਅੱਜ ਤੇ ਨੈਣ ਬਚਾ ਕੇ ਮਾਰਿਆ

ਇਸ਼ਕ ਬਿਸਰਤੇ ਨੂੰ ਉਨ੍ਹਾਂ ਘੂਰਿਆ ਏ ਝੂਮ ਕੇ
ਸ਼ੇਰ ਸੁੱਤੇ ਨੂੰ ਸ਼ਿਕਾਰੀ ਨੇ ਜਗਾ ਕੇ ਮਾਰਿਆ

ਵੇਖ ਕੇ ਹੱਸਦੇ ਨੇ ਫੇਰ ਅੱਜ ਵੈਰੀਆਂ ਦੇ ਵੀਰ ਪਏ
ਫੇਰ ਯਾਰਾਂ ਯਾਰੀਆਂ ਦਾ ਪੱਜ ਪਾ ਕੇ ਮਾਰਿਆ

ਜ਼ਿੰਦਗੀ ਬਖ਼ਸ਼ੀ ਜੇ ਬੇਦਰਦਾਂ ਦੀ ਬੇਦਰਦੀ ਕਦੀ
ਦਰਦੀਆਂ ਨੇ ਦਰਦ ਦੇ ਕਿੱਸੇ ਸੁਣਾ ਕੇ ਮਾਰਿਆ

ਜਾ ਕੇ ਵਿਚ ਅਕਬਾ ਦੇ ਦੇਖਾਂਗੇ ਮਿਲੀ ਜੇ ਜ਼ਿੰਦਗੀ
ਜ਼ਿੰਦਗੀ ਨੇ ਵਿਚ ਦੁਨੀਆ ਦੇ ਲਿਆ ਕੇ ਮਾਰਿਆ

ਮਾਰ ਕੇ ਬੰਦੇ ਕਈ ਕਰ ਦਿੱਤੇ ਨੇ ਜਿਉਂਦੇ ਖ਼ੁਦਾ
ਕਈ ਖ਼ੁਦਾਵਾਂ ਨੂੰ ਖ਼ੁਦਾ ਬੰਦਾ ਬਣਾ ਕੇ ਮਾਰਿਆ

ਸੁੱਖ ਲਈ ਏ ਜਾਂਚ ਇਨ੍ਹਾਂ ਖ਼ੂਬ ਮਰਕੇ ਜੀਵਨ ਦੀ
ਆਸ਼ਿਕਾਂ ਨੂੰ ਇਸ਼ਕ ਖ਼ੋਰੇ ਕੀ ਸਿਖਾ ਕੇ ਮਾਰਿਆ

ਮਾਰਿਆ ਜ਼ਨਦਾਂ ਨੂੰ ਪਾ ਕੇ ਜ਼ਿਹਦ ਦੇ ਵਿਚ ਜ਼ਾਹਿਦਾਂ
ਜ਼ਾਹਿਦਾਂ ਨੂੰ ਖ਼ਚਰੀਆਂ ਰਿੰਦਾਂ ਪਿਆ ਕੇ ਮਾਰਿਆ

ਨਜ਼ਰ ਨੇ ਲਬ ਦੀ ਕਰਾਮਤ ਨਾਲ਼ ਕਈ ਵਾਰੀ ਉਨ੍ਹਾਂ
ਮਾਰ ਕੇ ਸਾਨੂੰ ਜੀਵਾਇਆ ਮੁੜ ਜੀਵਾ ਕੇ ਮਾਰਿਆ

ਮਾਰਿਆ ਸੀ ਕੱਲ੍ਹ ਉਨ੍ਹਾਂ ਕਰਕੇ ਗਲੇ ਸਾਨੂੰ ਫ਼ਕੀਰ
ਅੱਜ ਅਸਾਂ ਉਨ੍ਹਾਂ ਨੂੰ ਸ਼ਿਅਰ ਆਪਣੇ ਸੁਣਾ ਕੇ ਮਾਰਿਆ