ਪੀੜਾਂ ਨਾਲ ਯਾਰਾਨੇ

ਪੀੜਾਂ ਨਾਲ ਯਾਰਾਨੇ
ਪੀੜਾਂ ਨਾਲ ਯਾਰਾਨੇ ਸਾਡੇ
ਪੀੜਾਂ ਨਾਲ ਯਾਰਾਨੇ
ਜੱਗ ਵਿਚ ਹੋਕਾ ਦੇ ਦੇ ਕਹੀਏ
ਹੈ ਕੋਈ ਦਰਦਾਂ ਵਾਲਾ
ਚਾਵਾਂ ਨੂੰ ਫੜ ਚੁੱਲ੍ਹੇ ਡਾਹਵੇ
ਪੀੜਾਂ ਦਾ ਮਤਵਾਲਾ
ਗਲ ਨਾਲ ਲਾ ਕੇ ਚੂਪ ਲਈਏ ਸਭ
ਪੀੜਾਂ ਇਸ ਬਹਾਨੇ
ਪੀੜਾਂ ਨਾਲ ਯਾਰਾਨੇ...

ਇਹ ਅਣਮੁੱਲਾ ਪੀੜ ਖਜ਼ਾਨਾ
ਕਦ ਸਭਨਾ ਦੇ ਲੇਖੀਂ
ਇਸ ਦੇ ਨੇ ਹੱਕਦਾਰ ਓਹ ਅਜ਼ਲੋਂ
ਇਸ਼ਕ ਜਿਹਨਾਂ ਦੇ ਰੇਖੀਂ
ਧੁਰ ਤੋਂ ਸੀਸ ਨਿਵਾਇਆ ਜਿਹਨਾਂ
ਸਾਕੀ ਦੇ ਮੈਖ਼ਾਨੇ
ਪੀੜਾਂ ਨਾਲ ਯਾਰਾਨੇ...

ਦਿਲ ਲੋਗੜ ਨੂੰ ਪੂਣੀ ਕਰਕੇ
ਤਨ ਦਾ ਚਰਖ਼ਾ ਡਾਹਿਆ
ਪੰਜੇ ਤੱਤ ਅਲਿਹਦਾ ਕੀਤੇ
ਗਿਆਨ ਧਿਆਨੇ ਲਾਇਆ
ਪੀੜਾਂ ਉਣ ਉਣ ਖੇਸ ਹਿਜਰ ਦਾ
ਕੱਤਿਆ ਏਸ ਬਹਾਨੇ
ਪੀੜਾਂ ਨਾਲ ਯਾਰਾਨੇ....

ਦਿਲ ਬਾਗੇ ਦੇ ਹਰ ਬੂਟੇ ਨੂੰ
ਖਿੜ ਖਿੜ ਫੁੱਟਣ ਪੀੜਾਂ
ਇਹ ਪੀੜਾਂ ਦੇ ਸਦਕੇ ਜਗ 'ਤੇ
ਕੱਟੀਆਂ ਗਈਆਂ ਭੀੜਾਂ
ਇਹ ਪੀੜਾਂ ਦੇ ਵਟਣੇ ਸਾਨੂੰ
ਚਾੜ੍ਹੇ ਰੂਪ ਸੁਹਾਨੇ
ਪੀੜਾਂ ਨਾਲ ਯਾਰਾਨੇ ਸਾਡੇ
ਪੀੜਾਂ ਨਾਲ ਯਾਰਾਨੇ