ਘਰ ਦਾ ਵੇੜ੍ਹਾ

ਦੋ ਕੁਰਸੀਆਂ
ਇਕ ਮੇਜ਼
ਕਾਫ਼ੀ ਦੇ ਕੱਪ
ਭਰੇ ਭਰੇ
ਡੁਲ੍ਹਦੇ
ਘਰ ਦਾ ਵੇੜ੍ਹਾ
ਹਰੀ ਹਰੀ ਘਾ
ਕੋਈ ਵਾੜ ਨਹੀਂ
ਤੇਰੀ ਧਰਤ ਜਡ਼੍ਹ
ਮੇਰਾ ਇਹ ਵੇੜ੍ਹਾ ਬਣ ਜਾਵੇ
ਕੋਲੋਂ ਲੰਘਦੇ ਰਾਹੀ
ਛਾਵਾਂ ਜਿਹੀਆਂ ਝਾੜੀਆਂ
ਰੰਗ ਬਰੰਗੀਆ ਚਿੜੀਆਂ
ਫੁਦਕਦੀਆਂ
ਮੇਰੇ ਜਜ਼ਬਾਤਾਂ ਦਿਆਂ
ਤਰਜਮਾਨੀ ਕਰ ਦਿਆਂ
ਦੂਰ ਧਰਤ ਤੇ ਅੰਬਰ ਮਿਲਦੇ
ਚੜ੍ਹ ਰਿਹਾ ਸੂਰਜ
ਮੇਰੇ ਵੱਲ ਕਰਨਾਂ ਭੇਜਦਾ
ਬੰਦ ਅੱਖਾਂ, ਸੂਰਜ ਵੱਲ ਮੂੰਹ
ਨਿੱਘੀਆਂ ਜਿਹੀਆਂ ਕਰਨਾਂ
ਜਿਵੇਂ ਹਜ਼ਾਰਾਂ ਚੁੰਮਣਾਂ ਦੀ ਬੌਛਾੜ
ਜਾਨ ਜਾਂਦੀ ਹਾਂ
ਕਿਉਂ ਸੂਰਜ, ਸੂਰਜ ਦੇਵਤਾ ਹੈ?
ਕਿਸੇ ਇਹੋ ਜਿਹੇ ਪਲ ਹੀ
ਕਿਸੇ ਦੀਵਾਨੇ ਦਾ ਖ਼ਿਆਲ ਰਿਹਾ ਹੋਵੇਗਾ

ਤੇ ਫਿਰ ਕਿਸੇ ਯੁੱਗ ਵਿਚ
ਕਿਸੇ ਹੋਰ ਆਸ਼ਿਕ ਨੇ
ਤਸੱਵਰ ਵਿਚ
ਕੋਨਾਰਕ ਦਾ ਮੰਦਰ
ਚਿਤਰਿਆ ਹੋਵੇਗਾ
ਕਿਸੇ ਇਹੋ ਜਿਹੇ ਪਲ ਹੀ

ਇਨ੍ਹਾਂ ਜਾਗਦਿਆਂ ਜਾਗਦਿਆਂ
ਇਹ ਕਰਨਾਂ ਦਾ ਝੁਰਮਟ
ਮੇਰੇ ਜੁੱਸੇ ਦਾ ਦਿਵਾ ਲੀਲ
ਰੱਬਾ ! ਏਨੀ ਸੋਹਣੀ ਸਵੇਰ ਲਈ
ਤੇਰਾ ਲੱਖ ਲੱਖ ਸ਼ੁਕਰ!
ਤੇਰਾ ਲੱਖ ਲੱਖ ਸ਼ੁਕਰ!!