ਜਾਲਿਬ ਸਾਈਂ ਕਦੀ ਕਦਾਈਂ ਚੰਗੀ ਗੱਲ ਕਹਿ ਜਾਂਦਾ ਏ
ਲੱਖ ਪੂਜੋ ਚੜ੍ਹਦੇ ਸੂਰਜ ਨੂੰ, ਆਖ਼ਿਰ ਇਹ ਲਹਿ ਜਾਂਦਾ ਏ
ਬਾਝ ਤੇਰੇ ਓ ਦਿਲ ਦੇ ਸਾਥੀ, ਦਿਲ ਦੀ ਹਾਲਤ ਕੀ ਦੱਸਾਂ
ਕਦੀ ਕਦੀ ਇਹ ਥੱਕਿਆ ਰਾਹੀ ਰਸਤੇ ਵਿੱਚ ਬਹਿ ਜਾਂਦਾ ਏ
ਸਾਂਦਲ ਬਾਰ ਵਸੇਂਦੀਏ ਹੀਰੇ ਵੱਸਦੇ ਰਹਿਣ ਤੇਰੇ ਹਾਸੇ
ਦੋ ਪਲ ਤੇਰੇ ਗ਼ਮ ਦਾ ਪਰਾਹੁਣਾ ਅੱਖੀਆਂ ਵਿਚ ਰਹਿ ਜਾਂਦਾ ਏ
ਹਾਏ ਦੁਆਬੇ ਦੀ ਉਹ ਦੁਨੀਆਂ ਜਿਥੇ ਮੁਹੱਬਤ ਵੱਸਦੀ ਸੀ
ਹੰਝੂ ਬਣ ਕੇ ਦੁੱਖ ਵਤਨਾਂ ਦਾ ਅੱਖੀਆਂ 'ਚੋਂ ਵਹਿ ਜਾਂਦਾ ਏ
ਫ਼ਜਰੇ ਉਹ ਚਮਕਾਂਦਾ ਡਿੱਠਾ 'ਜਾਲਿਬ' ਸਾਰੀ ਦੁਨੀਆਂ ਨੂੰ
ਰਾਤੀਂ ਜਿਹੜਾ ਸੇਕ ਦੁੱਖਾਂ ਦੇ ਹੱਸ ਹੱਸ ਕੇ ਸਹਿ ਜਾਂਦਾ ਏ